:
You are here: Homeਖਾਸ ਖਬਰਾਂ

ਖਾਸ ਖਬਰਾਂ (940)

ਨੂਰਪੁਰਬੇਦੀ — ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਵੱਲੋਂ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਕੀਤੇ ਗਏ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ 'ਚ ਇਕ ਸੈਨਿਕ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ 'ਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਨਾਲ ਸਬੰਧਤ ਸੀ। ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਕਾਲੀ ਝੰਡੀ ਵਾਲੀ ਗੱਡੀ 'ਚ ਉਸ ਦੇ ਜੱਦੀ ਰੌਲੀ ਵਿਖੇ ਪਹੁੰਚਾ ਦਿੱਤੀ ਗਈ ਹੈ, ਜਿੱਥੇ ਅੱਜ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੰਦੇ ਹੋਏ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਈ ਲੀਡਰ ਵੀ ਮੌਜੂਦ ਰਹੇ। ਜਿਵੇਂ ਹੀ ਮ੍ਰਿਤਕ ਦੇਹ ਜੱਦੀ ਪਿੰਡ ਰੌਲੀ 'ਚ ਪਹੁੰਚੀ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ। ਇਸ ਗਮਗੀਨ ਮਾਹੌਲ 'ਚ ਲੋਕਾਂ ਵੱਲੋਂ 'ਹਿੰਦੋਸਤਾਨ ਜ਼ਿੰਦਾਬਾਦ' ਅਤੇ 'ਪਾਕਿਸਤਾਨੀ ਮੁਰਦਾਬਾਦ' ਦੇ ਨਾਅਰੇ ਲਗਾਏ ਗਏ। ਜ਼ਿਕਰਯੋਗ ਹੈ ਕਿ ਇਸ ਖਬਰ ਦੇ ਪਤਾ ਚੱਲਣ 'ਤੇ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਹੋਇਆ 26 ਸਾਲਾ ਫੌਜੀ ਕੁਲਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜੋ 10 ਫਰਵਰੀ ਨੂੰ 10 ਦਿਨ ਦੀ ਛੁੱਟੀ ਕੱਟ ਕੇ 11 ਫਰਵਰੀ ਨੂੰ ਵਾਪਸ ਡਿਊਟੀ 'ਤੇ ਪਰਤਿਆ ਸੀ। ਨੂਰਪੁਰਬੇਦੀ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ਹੀਦ ਦੇ ਘਰ ਦਾ ਬੀਤੇ ਦਿਨ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਸਮੁੱਚੇ ਪਿੰਡ 'ਚ ਮਾਹੌਲ ਗਮਗੀਨ ਸੀ ਅਤੇ ਕੀ ਬੁੱਢਾ ਅਤੇ ਕੀ ਜਵਾਨ ਹਰ ਇਕ ਦੀ ਅੱਖ 'ਚੋਂ ਹੰਝੂ ਡਿੱਗ ਰਹੇ ਸਨ। 5 ਸਾਲ ਪਹਿਲਾਂ ਹੋਇਆ ਸੀ ਫੌਜ 'ਚ ਭਰਤੀ ਸ਼ਹੀਦ ਸੈਨਿਕ ਕੁਲਵਿੰਦਰ ਸਿੰਘ 5 ਸਾਲ ਪਹਿਲਾਂ ਸਾਲ 2014 'ਚ ਭਰਤੀ ਹੋਇਆ ਸੀ। ਕਰੀਬ 6 ਫੁੱਟ ਉੱਚਾ ਜਵਾਨ ਕੁਲਵਿੰਦਰ ਸਿੰਘ ਕ੍ਰਿਕਟ ਦਾ ਵਧੀਆ ਖਿਡਾਰੀ ਸੀ ਅਤੇ ਨੂਰਪੁਰਬੇਦੀ ਦੇ ਸੀਨੀਅਰ ਸੈਕੰਡਰੀ ਸਕੂਲ 'ਚੋਂ 12ਵੀਂ ਤੇ ਫਿਰ ਨੰਗਲ ਤੋਂ ਏ. ਸੀ. ਦੀ ਆਈ. ਟੀ. ਆਈ. ਕਰਨ ਉਪਰੰਤ ਸੀ. ਆਰ. ਪੀ. ਐੱਫ. ਦੀ 92ਵੀਂ ਬਟਾਲੀਅਨ 'ਚ ਸਿਪਾਹੀ ਵਜੋਂ 21 ਸਾਲ ਦੀ ਉਮਰ 'ਚ ਹੀ ਭਰਤੀ ਹੋ ਗਿਆ ਸੀ। ਸ਼ਹੀਦ ਫੌਜੀ ਦੇ ਫੁੱਫੜ ਸ਼ਿੰਗਾਰਾ ਸਿੰਘ ਨਿਵਾਸੀ ਚੈਹਿੜਮਜਾਰਾ ਨੇ ਦੱਸਿਆ ਕਿ ਸ਼ਹੀਦ ਕੁਲਵਿੰਦਰ ਸਿੰਘ ਉਸ ਦੇ ਲੜਕੇ ਦੇ ਵਿਆਹ ਲਈ ਹੀ ਕੁਝ ਦਿਨ ਦੀ ਛੁੱਟੀ ਲੈ ਕੇ ਆਇਆ ਸੀ। ਜਿਸ ਦਿਨ ਰਾਜ਼ੀ-ਖੁਸ਼ੀ ਦਾ ਫੋਨ ਆਇਆ, ਉਸੇ ਰਾਤ ਸ਼ਹੀਦ ਹੋਣ ਦੀ ਮਿਲੀ ਸੂਚਨਾ ਮਾਪਿਆਂ ਨੂੰ ਕੀ ਪਤਾ ਸੀ ਕਿ ਜਿਸ ਲੜਕੇ ਦੀ ਰਾਜ਼ੀ-ਖੁਸ਼ੀ ਦਾ ਹਮਲੇ ਵਾਲੇ ਦਿਨ 14 ਫਰਵਰੀ ਦੀ ਸਵੇਰ ਨੂੰ ਫੋਨ ਆਇਆ ਸੀ ਦਾ ਉਸੇ ਰਾਤ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਵੇਗਾ। ਸ਼ਹੀਦ ਦੇ ਚਾਚਾ ਅਵਤਾਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਰਾਤ ਕਰੀਬ 11 ਵਜੇ ਆਇਆ ਉਕਤ ਦੁੱਖਦਾਈ ਸਮਾਚਾਰ ਸਬੰਧੀ ਫੋਨ ਉਸੇ ਨੇ ਸੁਣਿਆ ਸੀ। ਕੁਝ ਚਿਰ ਲਈ ਤਾਂ ਉਹ ਗੁੰਮ-ਸੁੰਮ ਹੋ ਗਿਆ ਅਤੇ ਸਮਝ ਨਹੀਂ ਪਾਇਆ ਕਿ ਇਹ ਕੀ ਭਾਣਾ ਵਰਤਿਆ। ਘਰ 'ਚ ਇਕੱਲੇ ਮਾਤਾ-ਪਿਤਾ ਨੂੰ ਇਹ ਦੱਸਣ ਦੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ। ਉਸ ਨੇ ਦੱਸਿਆ ਕਿ ਆਪਣੇ-ਆਪ ਨੂੰ ਸੰਭਾਲਣ ਤੋਂ ਕੁਝ ਦੇਰ ਬਾਅਦ ਉਹ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਦੱਸਣ ਦੇ ਯੋਗ ਹੋ ਸਕਿਆ। ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਸਮੁੱਚੇ ਪਿੰਡ ਦੇ ਲੋਕ ਸ਼ਹੀਦ ਦੇ ਮਾਤਾ-ਪਿਤਾ ਨੂੰ ਸੰਭਾਲਣ ਲੱਗੇ ਹੋਏ ਸਨ। ਸ਼ਹੀਦ ਦੀ ਮਾਤਾ ਦਾ ਤਾਂ ਇਸ ਤੋਂ ਵੀ ਬੁਰਾ ਹਾਲ ਸੀ। ਨਵੰਬਰ 'ਚ ਹੋਣਾ ਸੀ ਸ਼ਹੀਦ ਦਾ ਵਿਆਹ ਇਕਲੌਤਾ ਪੁੱਤਰ ਹੋਣ ਕਰਕੇ ਮਾਪਿਆਂ ਨੂੰ ਆਪਣੇ ਲੜਕੇ ਦੇ ਵਿਆਹ ਦਾ ਕਾਫੀ ਚਾਅ ਸੀ। ਵਿਆਹ ਦੀ 8-9 ਨਵੰਬਰ ਦੀ ਤਾਰੀਖ ਨਿਸ਼ਚਿਤ ਹੋਣ ਕਾਰਨ ਸਮੁੱਚੀਆਂ ਤਿਆਰੀਆਂ ਵਿੱਢੀਆਂ ਹੋਈਆਂ ਸਨ। ਇਸ ਦੌਰਾਨ ਨਾਲ-ਨਾਲ ਘਰ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਸੀ। ਪਰ ਸੈਨਿਕ ਦੇ ਸ਼ਹੀਦ ਹੋ ਜਾਣ ਦੀ ਘਟਨਾ ਨੇ ਮਾਪਿਆਂ ਦੇ ਸਮੁੱਚੇ ਅਰਮਾਨਾਂ ਨੂੰ ਪਲਾਂ 'ਚ ਹੀ ਰੋਲ ਕੇ ਰੱਖ ਦਿੱਤਾ।

ਮਾਨਸਾ -ਮਾਨਸਾ ਵਿਚ ਬੁਧਵਾਰ ਨੂੰ ਇਕ ਅਠ ਸਾਲਾ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਅਜੇ ਇਕ ਹਸਪਤਾਲ ਵਿਚ ਜੇਰੇ ਇਲਾਜ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਜਿਸ ਦੇ ਆਧਾਰ ਉਤੇ ਪੁਲਸ ਦੋਸ਼ੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਜਿਕਰਯੋਗ ਹੈ ਕਿ ਬੀਤੇ 4 ਦਿਨਾਂ ਵਿਚ ਸੂਬੇ ਅੰਦਰ ਜ਼ਬਰ-ਜ਼ਨਾਹ ਦੀ ਇਹ 5ਵੀਂ ਘਟਨਾ ਹੈ। ਹਰ ਰੋਜ਼ ਹੋ ਰਹੇ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ

ਜੰਡਿਆਲਾ ਗੁਰ -: ਸਰਾਏ ਰੋਡ 'ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ. ਟੀ. ਐੱਮ. 'ਚ ਇਕ ਲੁਟੇਰੇ ਵਲੋਂ ਦੋ ਲੜਕੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿ ਬੈਂਕ ਦੇ ਗਾਰਡ ਦੀ ਹੁਸ਼ਿਆਰੀ ਨਾਲ ਵਾਰਦਾਤ ਹੁੰਦੀ-ਹੁੰਦੀ ਟਲ ਗਈ। ਜਾਣਕਾਰੀ ਅਨੁਸਾਰ ਏ. ਟੀ. ਐੱਮ. 'ਚ ਇਕ ਪਿੰਡ ਦੀਆਂ ਆਂ ਪੈਸੇ ਕਢਵਾ ਰਹੀਆਂ ਸਨ ਕਿ ਇਕ ਨੌਜਵਾਨ ਏ. ਟੀ. ਐੱਮ. 'ਚ ਆ ਗਿਆ, ਜਿਸ ਦੇ ਹੱਥ 'ਚ ਰਿਵਾਲਵਰ ਸੀ ਤੇ ਉਸ ਨੇ ਏ. ਟੀ. ਐੱਮ. ਦੇ ਅੰਦਰੋਂ ਕੁੰਡੀ ਲਾ ਲਈ ਤੇ ਲੜਕੀਆਂ ਨੂੰ ਪੈਸੇ ਕਢਵਾ ਕੇ ਦੇਣ ਲਈ ਧਮਕਾਉਣ ਲੱਗਾ। ਜਦ ਲੜਕੀਆਂ ਨੇ ਪੈਸੇ ਕਢਵਾਉਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਹੱਥਾਂ 'ਚ ਪਾਈਆਂ ਮੁੰਦਰੀਆਂ ਲਾਹ ਕੇ ਦੇਣ ਲਈ ਰਿਵਾਲਵਰ ਦਿਖਾ ਕੇ ਧਮਕਾਉਣ ਲੱਗਾ। ਇਹ ਸਭ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਦੇਖ ਕੇ ਬੈਂਕ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਤੁਰੰਤ ਗਾਰਡ ਏ. ਟੀ. ਐੱਮ. ਦੇ ਬਾਹਰ ਪਹੁੰਚਿਆ ਤੇ ਉਸ ਨੇ ਥੋੜ੍ਹਾ ਜਿਹਾ ਸ਼ਟਰ ਸੁੱਟ ਦਿੱਤਾ, ਜਿਸ ਨਾਲ ਏ. ਟੀ. ਐੱਮ. ਦਾ ਦਰਵਾਜ਼ਾ ਨਾ ਖੁੱਲ੍ਹ ਸਕੇ। ਜਦ ਲੁਟੇਰੇ ਨੇ ਆਪਣੇ-ਆਪ ਨੂੰ ਅੰਦਰ ਫਸਿਆ ਦੇਖਿਆ ਤਾਂ ਉਹ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਜਦ ਉਹ ਫਰਾਰ ਹੋ ਰਿਹਾ ਸੀ ਤਾਂ ਨੇੜੇ ਹੀ ਇਕ ਕਰਿਆਨੇ ਦੀ ਦੁਕਾਨ 'ਤੇ ਪੀ. ਸੀ. ਆਰ. ਵਾਲੇ ਕੁਝ ਸਾਮਾਨ ਖਰੀਦਣ ਲਈ ਖੜ੍ਹੇ ਸਨ, ਜਿਨ੍ਹਾਂ ਨੇ ਲੁਟੇਰੇ ਦਾ ਪਿੱਛਾ ਕੀਤਾ ਤੇ ਉਸ ਦੇ ਮੋਟਰਸਾਈਕਲ 'ਚ ਆਪਣਾ ਮੋਟਰਸਾਈਕਲ ਮਾਰ ਕੇ ਉਸ ਨੂੰ ਸੁੱਟ ਲਿਆ ਤੇ ਗ੍ਰਿਫਤਾਰ ਕਰ ਲਿਆ। ਡੀ. ਐੱਸ. ਪੀ. ਗੁਰਮੀਤ ਸਿੰਘ ਸਹੋਤਾ ਜੋ ਕਿਸੇ ਵਿਆਹ ਜਾ ਰਹੇ ਸਨ, ਵੀ ਪੀ. ਸੀ. ਆਰ. ਵਾਲਿਆਂ ਦੇ ਫੋਨ ਕਰਨ 'ਤੇ ਤੁਰੰਤ ਮੌਕਾ ਵਾਰਦਾਤ 'ਤੇ ਪਹੁੰਚ ਗਏ ਤੇ ਉਨ੍ਹਾਂ ਪੀ. ਸੀ. ਆਰ. ਮੁਲਾਜ਼ਮ ਕਾਂਸਟੇਬਲ ਮੇਜਰ ਸਿੰਘ ਤੇ ਕਾਂਸਟੇਬਲ ਮਨਜਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਲਈ ਸ਼ਾਬਾਸ਼ ਦਿੱਤੀ। ਇਸ ਮੌਕੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਜੰਡਿਆਲਾ ਗੁਰੂ ਜੀ. ਐੱਸ. ਚੀਮਾ ਨੇ ਦੱਸਿਆ ਕਿ ਇਹ ਲੁਟੇਰਾ ਜੰਡਿਆਲਾ ਗੁਰੂ ਦਾ ਹੀ ਰਹਿਣ ਵਾਲਾ ਹੈ ਤੇ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੀਆਂ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਇਸ ਦੇ ਸ਼ਾਮਿਲ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਕੋਲੋਂ ਜੋ ਰਿਵਾਲਵਰ ਫੜਿਆ ਗਿਆ, ਨਕਲੀ ਹੈ, ਜਿਸ ਨੂੰ ਦਿਖਾ ਕੇ ਉਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਸੰਗਰੂਰ — ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ 23 ਸਾਲਾ ਕੁੜੀ ਵੱਲੋਂ 65 ਸਾਲਾ ਬਜ਼ੁਰਗ ਸ਼ਮਸ਼ੇਰ ਸਿੰਘ ਨਾਲ ਲਾਵਾਂ ਲੈਂਦਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਇਸ ਵਿਆਹ ਦੇ ਚਰਚੇ ਹਰ ਪਾਸੇ ਹੋਣ ਲੱਗੇ। ਉਥੇ ਹੀ ਵਿਆਹ ਤੋਂ ਕੁੱਝ ਦਿਨਾਂ ਬਾਅਦ ਇਸ ਜੋੜੇ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਨ੍ਹਾਂ ਦੀ ਸੁਰੱਖਿਆ ਦੇ ਹੁਕਮ ਜਾਰੀ ਕੀਤੇ ਸਨ। ਪਰ ਹੁਣ ਇਕ ਵਾਰ ਫਿਰ ਇਹ ਜੋੜਾ ਚਰਚਾ ਵਿਚ ਆ ਗਿਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਮਸ਼ੇਰ ਸਿੰਘ ਤੇ ਅਣਪਛਾਤੇ ਵਿਅਕਤੀ 'ਚ ਰੱਜ ਕੇ ਬਹਿਸ ਹੋ ਰਹੀ ਹੈ। ਵਿਅਕਤੀ ਵੱਲੋਂ ਜਦੋਂ ਸ਼ਮਸ਼ੇਰ ਸਿੰਘ ਨੂੰ 23 ਸਾਲਾ ਕੁੜੀ ਨਾਲ ਵਿਆਹ ਕਰਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਿਆਹ ਬਾਰੇ ਪੁੱਛਣ ਦਾ ਕੋਈ ਹੱਕ ਨਹੀਂ ਹੈ। ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਇਹ ਵਿਆਹ ਆਪਸੀ ਸਹਿਮਤੀ ਨਾਲ ਹੋਇਆ ਹੈ। ਉਸ ਨੇ ਕੁੱਝ ਗਲਤ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤਰ੍ਹਾਂ ਫੋਨ 'ਤੇ ਤੰਗ ਪ੍ਰੇਸ਼ਾਨ ਕਰਨ ਵਾਲੀ ਇਹ ਪਹਿਲੀ ਫੋਨ ਕਾਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਸ਼ਮਸ਼ੇਰ ਸਿੰਘ ਨੂੰ ਕਈ ਫੋਨ ਆ ਚੁੱਕੇ ਹਨ ਤੇ ਕਈ ਧਮਕੀਆਂ ਵੀ ਮਿਲ ਚੁੱਕੀਆਂ ਹਨ, ਜਿਸ ਤੋਂ ਬਾਅਦ ਸ਼ਮਸ਼ੇਰ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਰੱਖਿਆ ਦੀ ਮੰਗ ਕੀਤੀ ਸੀ।

ਰਾਜਾਸਾਂਸੀ- ਸਥਾਨਕ ਕਸਬਾ ਰਾਜਾਸਾਂਸੀ ਦੇ ਮੱਛੀ ਤਲਾਅ ਨੇੜੇ ਇਕ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਸਵਾਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਬਲਾਕ ਹਰਸਾ ਛੀਨਾ ਦੇ ਪਿੰਡ ਵਰਨਾਲੀ ਦੀ ਸਵਾਰ ਇਕ ਲੜਕੀ ਦੀ ਇਸ ਹਾਦਸੇ ਕਾਰਨ ਲੱਤ ਕੱਟੀ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਾਸਾਂਸੀ ਹਵਾਈ ਅੱਡੇ ਨੇੜੇ ਅੱਜ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਝੰਜੋਟੀ ਨੇੜੇ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਨਿੱਜੀ ਕੰਪਨੀ ਦੀ ਬੱਸ ਸੜਕ ਕਿਨਾਰੇ ਖੱਡ 'ਚ ਪਲਟ ਗਈ। ਬੱਸ 'ਚ ਸਵਾਰ 30 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲਗ ਗਈਆਂ। ਮੌਕੇ 'ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਬੁਢਲਾਡਾ— ਇਥੋਂ ਦੇ ਇਕ ਨੇੜਲੇ ਪਿੰਡ ਦੀ ਸੱਥ 'ਚੋਂ ਦਲਿਤ ਪਰਿਵਾਰ ਨਾਲ ਸਬੰਧਤ 2 ਲੜਕੀਆਂ ਨੂੰ ਕਾਰ 'ਚ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਸਦਰ ਗੁਰਮੀਤ ਸਿੰਘ ਨੇ ਦੱਸਿਆ ਕਿ 25 ਜਨਵਰੀ ਨੂੰ ਦੁਪਹਿਰ ਦੇ 2 ਵਜੇ ਉਪਰੋਕਤ ਲੜਕੀਆਂ ਨੂੰ ਪਿੰਡ ਦੀ ਸੱਥ 'ਚੋਂ ਕਾਰ 'ਚ ਦੋ ਨੌਜਵਾਨ ਅਗਵਾ ਕਰ ਕੇ ਲੈ ਗਏ ਸਨ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰ ਕੇ ਛੱਡ ਦਿੱਤਾ ਗਿਆ। ਸਹਾਇਕ ਥਾਣੇਦਾਰ ਬਲਜੀਤ ਕੌਰ ਤੇ ਸਬ-ਇੰਸਪੈਕਟਰ ਗੁਰਦਰਸ਼ਨ ਸਿੰਘ ਮਾਨ ਨੇ ਘਟਨਾ ਦੀ ਪੈਰਵੀ ਕਰਦਿਆਂ ਲੜਕੀਆਂ ਦੇ ਬਿਆਨਾਂ 'ਤੇ ਪਿੰਡ ਭੁਟਾਲ ਦੇ ਦੋ ਨੌਜਵਾਨ ਜੱਗੂ ਅਤੇ ਜੱਗੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਲੜਕੀਆਂ ਦੀ ਸਰਕਾਰੀ ਹਸਪਤਾਲ 'ਚ ਡਾਕਟਰੀ ਜਾਂਚ ਕਰਵਾਈ। ਦੋਵੇਂ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ। ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਗਿੱਦੜਬਾਹਾ - : ਕਹਿੰਦੇ ਨੇ ਕਿ ਗਰੀਬੀ ਅਭਿਸ਼ਾਪ ਹੈ ਤੇ ਜੇਕਰ ਇਸ ਗਰੀਬੀ ਦੇ ਨਾਲ ਅੰਤਾਂ ਦੀ ਬੀਮਾਰੀ ਝੱਲਣੀ ਪਏ ਤਾਂ ਮੰਨੋ ਰੱਬ ਦਾ ਕਹਿਰ ਹੀ ਟੁੱਟ ਪੈਂਦਾ ਹੈ। ਅਜਿਹਾ ਹੀ ਇਕ ਗਰੀਬ ਪਰਿਵਾਰ ਗਿੱਦੜਬਾਹਾ ਦੀ ਪਿਓਰੀ ਰੋਡ 'ਤੇ ਸਥਿਤ ਟਿੱਬਿਆ ਨੇੜੇ ਰਹਿੰਦਾ ਹੈ। ਇਸ ਪਰਿਵਾਰ ਨੂੰ ਗਰੀਬੀ ਤੇ ਬੀਮਾਰੀਆਂ ਨੇ ਘੇਰ ਕੇ ਰੱਖਿਆ ਹੈ, ਜਿਸ ਦਾ ਸਾਹਮਣਾ ਮਸੂਮ ਬੱਚੀ ਕਰ ਰਹੀ ਹੈ। ਇਸ ਬੱਚੀ ਦੇ ਦੋ ਭਰਾ ਹਨ, ਜਿਨ੍ਹਾਂ ਨੂੰ ਸ਼ੂਗਰ ਹੈ ਤੇ ਉਹ ਮੰਜੇ ਤੋਂ ਉੱਠ ਨਹੀਂ ਸਕਦੇ। ਮਸੂਮ ਬੱਚੀ ਆਪਣੀ ਦੀ ਮਾਂ ਉਂਗਲੀ ਫੜ ਕੇ ਲੋਕਾਂ ਤੋਂ ਮੰਗ ਕੇ ਆਪਣਾ ਤੇ ਪਰਿਵਾਰ ਦਾ ਢਿੱਡ ਭਰਦੀ ਹੈ। ਪੜ੍ਹਨ ਦੀ ਉਮਰੇ ਇਹ ਬੱਚੀ ਕੱਚੀਆਂ ਪੱਕੀਆਂ ਰੋਟੀਆਂ ਆਪਣੇ ਪਰਿਵਾਰ ਨੂੰ ਬਣਾ ਕੇ ਦਿੰਦੀ ਹੈ ਤੇ ਰੋਂਦੇ-ਰੋਂਦੇ ਆਪਣੀ ਮਾਂ ਤੇ ਭਰਾਵਾਂ ਲਈ ਇਲਾਜ ਦੀ ਮਦਦ ਦੀ ਮੰਗ ਕਰਦੀ ਹੈ। ਬੱਚੀ ਦੀ ਮਾਂ ਰਾਣੀ ਕੌਰ ਦਾ ਕਹਿਣਾ ਏ 25 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਉਸਦੇ ਪਤੀ ਨੇ ਦੂਸਰਾ ਵਿਆਹ ਕਰਵਾ ਕੇ ਉਸਨੂੰ ਅਤੇ ਤਿੰਨੋ ਬੱਚਿਆਂ ਨੂੰ ਛੱਡ ਦਿੱਤਾ ਤੇ ਮਕਾਨ ਵੇਚ ਸਾਰੇ ਪੈਸੇ ਵੀ ਖਾਹ ਗਿਆ। ਜਿਸ ਕਾਰਨ ਉਸਨੂੰ ਕਰਾਏ ਦੇ ਮਕਾਨਾਂ 'ਚ ਆਪਣੇ ਪੀੜਤ ਬੱਚਿਆਂ ਨਾਲ ਰਹਿਣਾ ਪੈ ਰਿਹੈ। ਦੱਸ ਦੇਈਏ ਕੇ ਰਾਣੀ ਕੌਰ ਵੀ ਖੁਦ ਸ਼ੂਗਰ ਦੀ ਮਰੀਜ਼ ਹੈ ਤੇ ਅੱਖਾਂ ਦੀ ਨਿਗਾ ਦਾ ਪੂਰਾ ਸਾਥ ਨਾ ਹੋਣ ਕਾਰਨ ਘਰ ਦਾ ਕੰਮ ਕਰਨ 'ਚ ਅਸੱਮਰਥ ਹੈ, ਜਿਸ ਦੀ ਸਾਰ ਲੈਣਾ ਤਾਂ ਸ਼ਾਇਦ ਰੱਬ ਵੀ ਭੁੱਲ ਗਿਆ ਹੈ। ਪਰਿਵਾਰ ਵਲੋਂ ਮਦਦ ਦੀ ਮੰਗ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਕਿਸੀ ਨੇ ਇੰਨਾ ਦੀ ਬਾਂਹ ਨਹੀਂ ਫੜੀ।

ਬਰਨਾਲਾ —ਬਰਨਾਲਾ ਦੇ ਪਿੰਡ ਰੂਡੇਕੇ ਕਲਾਂ 'ਚ ਲੋਨ ਦੇਣ ਦਾ ਝਾਂਸਾ ਦੇ ਕੇ ਇਕ ਮਹਿਲਾ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਔਰਤ ਜ਼ਿਲਾ ਮਾਨਸਾ ਦੀ ਰਹਿਣ ਵਾਲੀ ਹੈ। ਜਿਸ ਨੂੰ ਉਸ ਦੇ ਜਾਣ-ਪਛਾਣ ਵਾਲੇ ਵਿਅਕਤੀ ਨੇ ਲੋਨ ਦਾ ਝਾਂਸਾ ਦੇ ਕੇ ਪਿੰਡ ਰੂੜੇਕੇ ਕਲਾਂ ਬੁਲਾਇਆ। ਜਿੱਥੇ ਉਕਤ ਨਾਲ ਗੈਂਗਰੇਪ ਕੀਤਾ ਗਿਆ। ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਨਾਲ ਬੀਤੀ ਇਹ ਘਟਨਾ ਦੱਸੀ ਕਿ ਉਹ ਪਿਛਲੇ ਡੇਢ ਸਾਲ ਤੋਂ ਉਸ ਵਿਅਕਤੀ ਨੂੰ ਜਾਣਦੀ ਸੀ, ਜਿਸ ਨੇ ਉਸ ਨੂੰ ਲੋਨ ਦੇਣ ਦਾ ਝਾਂਸਾ ਦੇ ਕੇ ਬਰਨਾਲਾ ਬੁਲਾਇਆ ਅਤੇ ਉੱਥੇ ਉਹ ਆਪਣੇ ਸਾਥੀਆਂ ਸਮੇਤ ਉਸ ਨੂੰ ਇਕ ਖੇਤ ਦੀ ਮੋਟਰ 'ਤੇ ਲੈ ਗਿਆ ਅਤੇ ਉੱਥੇ ਉਸ ਦੇ ਸਾਥੀਆਂ ਸਮੇਤ ਉਸ ਨਾਲ ਗੈਂਗਰੇਪ ਕੀਤਾ ਅਤੇ ਉਹ ਮਹਿਲਾ ਉੱਥੋਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਪੁਲਸ ਥਾਣੇ ਪਹੁੰਚੀ ਅਤੇ ਆਪਣੀ ਰਿਪੋਰਟ ਲਿਖਾਈ। ਪੁਲਸ ਨੇ ਸਾਰੀ ਘਟਨਾ 'ਤੇ ਜਾਂਚ ਕਰਦੇ ਹੋਏ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਹਿਲਾ ਦੀ ਮੈਡੀਕਲ ਜਾਂਚ ਦੇ ਲਈ ਉਸ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ ਹੈ, ਜਲਦ ਹੀ ਦੋਸ਼ੀਆਂ ਨੂੰ ਫੜ੍ਹ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਮਾਛੀਵਾੜਾ ਸਾਹਿਬ : ਬੁੱਧਵਾਰ ਸਵੇਰੇ 7 ਵਜੇ ਮਾਛੀਵਾੜਾ-ਕੁਹਾੜਾ ਰੋਡ 'ਤੇ ਸਥਿਤ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇੱਕ ਔਰਤ ਰੁਕਮਾ (50) ਵਾਸੀ ਸ਼ਤਾਬਗੜ੍ਹ ਦੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਇੱਕ ਪੁਰਸ਼ ਸਮੇਤ 13 ਹੋਰ ਔਰਤਾਂ ਜਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਪਿੰਡ ਸ਼ਤਾਬਗੜ੍ਹ ਤੇ ਬੁਰਜ ਪਵਾਤ ਤੋਂ ਜੋ ਔਰਤਾਂ ਪਿੰਡ ਭੱਟੀਆਂ ਨੇੜ੍ਹੇ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਸ ਬੱਸ ਵਿਚ ਕਰੀਬ 20 ਸਵਾਰੀਆਂ ਸਨ। ਇਹ ਬੱਸ ਮਾਛੀਵਾੜਾ ਤੋਂ 2 ਕਿਲੋਮੀਟਰ ਦੂਰੀ 'ਤੇ ਕੁਹਾੜਾ ਰੋਡ 'ਤੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ ਬੈਠੇ ਕਰਮਚਾਰੀਆਂ ਅਨੁਸਾਰ ਇੱਕਦਮ ਅਵਾਰਾ ਪਸ਼ੂ ਬੱਸ ਅੱਗੇ ਆ ਗਿਆ, ਜਿਸ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਪਲਟ ਗਈ। ਇਸ ਹਾਦਸੇ ਕਾਰਨ ਸਾਰੀਆਂ ਸਵਾਰੀਆਂ ਜਖ਼ਮੀ ਹੋ ਗਈਆਂ। ਰਾਹਗੀਰਾਂ ਵਲੋਂ ਤੁਰੰਤ ਜਖ਼ਮੀ ਹੋਈਆਂ ਸਵਾਰੀਆਂ ਨੂੰ ਮਾਛੀਵਾੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਧਾਗਾ ਫੈਕਟਰੀ ਦੇ ਅਧਿਕਾਰੀ ਤੇ ਮਾਛੀਵਾੜਾ ਪੁਲਸ ਮੌਕੇ 'ਤੇ ਪਹੁੰਚ ਗਈ। ਹਸਪਤਾਲ 'ਚ ਇਲਾਜ ਦੌਰਾਨ ਡਾਕਟਰਾਂ ਨੇ ਰੁਕਮਾ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਜੋ 14 ਜਖ਼ਮੀ ਸਨ, ਉਨ੍ਹਾਂ 'ਚੋਂ 4 ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾੜਾ ਹਸਪਤਾਲ 'ਚ ਇੱਕਦਮ ਇੰਨਾ ਜਖ਼ਮੀ ਪੁੱਜਣ ਕਾਰਨ ਕੁਰਲਾਹਟ ਮਚੀ ਹੋਈ ਸੀ ਅਤੇ ਜ਼ਖ਼ਮੀ ਹੋਈਆਂ ਔਰਤਾਂ ਦਰਦ ਨਾਲ ਬੁਰੀ ਤਰ੍ਹਾਂ ਤੜਪ ਰਹੀਆਂ ਸਨ। ਸਿਵਲ ਹਸਪਤਾਲ ਡਾਕਟਰਾਂ ਦੀ ਟੀਮ ਵਲੋਂ ਸਾਰੇ ਮਰੀਜ਼ਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਜਿਉਂ ਹੀ ਜਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਜਖ਼ਮੀਆਂ ਵਿਚ ਸ਼ਤਾਬਗੜ੍ਹ ਅਤੇ ਬੁਰਜ ਪਵਾਤ ਦੇ ਹੀ ਵਾਸੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

ਨਾਭਾ —ਪੰਜਾਬ ਦੀ ਅਤਿ ਸੁਰੱਖਿਅਤ ਮੰਨੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ 'ਚ ਬੁੱਧਵਾਰ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ। ਐੱਸ.ਪੀ., ਡੀ.ਐੱਸ.ਪੀ. ਵਲੋਂ ਲਗਭਗ ਡੇਢ ਸੌ ਦੇ ਕਰੀਬ ਕਰਮਚਾਰੀਆਂ ਨਾਲ ਕੀਤੀ ਗਈ ਇਸ ਚੈਕਿੰਗ ਦੌਰਾਨ ਲਗਭਗ 12 ਮੋਬਾਇਲ ਬਰਾਮਦ ਹੋਏ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਨਾਭਾ ਜੇਲ ਵਿਚੋਂ ਮੋਬਾਇਲ ਬਰਾਮਦ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਚੈਕਿੰਗ ਦੌਰਾਨ ਮੈਕਸੀਮਮ ਸਕਿਓਰਿਟੀ ਜੇਲ 'ਚੋਂ ਕਈ ਮੋਬਾਇਲ ਬਰਾਮਦ ਹੋਏ ਚੁੱਕੇ ਹਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੀਆਂ ਸਭ ਤੋਂ ਵੱਧ ਸੁਰੱਖਿਅਤ ਜੇਲਾਂ ਵਿਚੋਂ ਇਕ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਵਿਚ ਆਖਿਰ ਇੰਨੀ ਵੱਡੀ ਗਿਣਤੀ ਵਿਚ ਫੋਨ ਪਹੁੰਚੇ ਕਿਵੇਂ?