:
You are here: Homeਖਾਸ ਖਬਰਾਂ

ਖਾਸ ਖਬਰਾਂ (47)

ਡੇਰਾ ਬਾਬਾ ਨਾਨਕ, 17 ਅਕਤੂਬਰ, 2019 : ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਆਨ ਲਾਈਨ ਰਜਿਸਟਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਅਸੀਂ ਸਾਰਾ ਕੰਮ ਨਿਸ਼ਚਿਤ 31 ਅਕਤੂਬਰ ਤੱਕ ਪੂਰਾ ਕਰ ਲਵਾਂਗੇ ਤੇ ਅਗਲੇ ਸੋਮਵਾਰ ਤੋਂ ਆਨ ਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਊਹਨਾਂ ਦੱਸਿਆ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਸਿਧਾਂਤ ਅਨੁਸਾਰ ਹੀ ਰਜਿਸਟਰੇਸ਼ਨ ਹੋਵੇਗੀ ਤੇ ਰੋਜ਼ਾਨਾ 5 ਹਜ਼ਾਰ ਆਮ ਦਿਨਾਂ ਵਿਚ ਅਤੇ ਵਿਸ਼ੇਸ਼ ਦਿਨਾਂ ਵਿਚ 10 ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਕ ਵਾਰ ਦਰਸ਼ਨ ਮਗਰੋਂ ਸ਼ਰਧਾਲੂ ਨੂੰ ਇਕ ਸਾਲ ਦੀ ਉਡੀਕ ਮਗਰੋਂ ਹੀ ਦੂਜੀ ਵਾਰ ਵਾਸਤੇ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਉਹਨਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਆਨ ਲਾਈਨ ਅਰਜ਼ੀਆਂ ਨਹੀਂ ਭਰ ਸਕਦੇ, ਉਹ ਸਰਹੱਦ 'ਤੇ ਇਮੀਗਰੇਸ਼ਨ ਕੇਂਦਰ ਵਿਚ ਬਣਾਏ ਜਾਣ ਵਾਲੇ ਦਫਤਰ ਵਿਚ ਆ ਕੇ ਵੀ ਆਪਣਾ ਨਾਂ ਤੇ ਹੋਰ ਲੋੜੀਂਦੇ ਦਸਤਾਵੇਜ਼ ਦੇ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਿਸੇ ਸ਼ਰਧਾਲੂ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਫਿਰ ਉਹ ਚਾਰ ਦਿਨ ਬਾਅਦ ਮੁੜ ਅਰਜ਼ੀ ਦਾਖਲ ਕਰ ਸਕਦਾ ਹੈ। ਸ਼ਰਧਾਲੂਆਂ ਨੂੰ ਜਾਣ ਬਾਰੇ ਜਾਣਕਾਰੀ ਉਹਨਾਂ ਦੇ ਮੋਬਾਈਲਾਂ 'ਤੇ ਦਿੱਤੀ ਜਾਵੇਗੀ। ਗੋਵਿੰਦ ਮੋਹਨ ਨੇ ਇਹ ਵੀ ਦੱਸਿਆ ਕਿ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦਾ ਪਾਸਪੋਰਟ ਇਕ ਕਾਨੂੰਨੀ ਤੇ ਸ਼ਨਾਖਤੀ ਦਸਤਾਵੇਜ਼ ਵਜੋਂ ਵਰਤਿਆ ਜਾਵੇਗਾ ਅਤੇ ਇਹ ਪਾਸਪੋਰਟ ਪਾਕਿਸਤਾਨ ਇਮੀਗਰੇਸ਼ਨ ਵੱਲੋਂ ਰੱਖ ਕੇ ਇਕ ਸ਼ਨਾਖਤੀ ਪੇਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ ਨੂੰ ਪਰਤਣਾ ਲਾਜ਼ਮੀ ਹੋਵੇਗਾ ਅਤੇ ਆਉਂਦੇ ਸਮੇਂ ਉਹ ਆਪਣਾ ਪਾਸਪੋਰਟ ਪਾਕਿਸਤਾਨ ਅਧਿਕਾਰੀਆਂ ਤੋਂ ਲੈ ਸਕਣਗੇ।

ਗੁਰਦਾਸਪੁਰ, - ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜਾਣਕਾਰੀ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ 12 ਅਕਤੂਬਰ ਤੱਕ 27356 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 20295 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਨਗਰੇਨ ਨੇ 11262, ਮਾਰਕਫੈੱਡ ਨੇ 2273, ਪਨਸਪ ਨੇ 3916, ਵੇਅਰਹਾਊਸ ਨੇ 1582 ਅਤੇ ਪ੍ਰਾਈਵੇਟ ਏਜੰਸੀਆਂ ਨੇ 1262 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਅਤੇ ਤੜਕਸਾਰ ਕਣਕ ਦੀ ਕਟਾਈ ਨਾ ਕੀਤੀ ਜਾਵੇ, ਕਿਉਂਕਿ ਇਸ ਸਮੇਂ ਦੌਰਾਨ ਕੀਤੀ ਕਟਾਈ ਨਾਲ ਨਮੀ ਜ਼ਿਆਦਾ ਹੁੰਦੀ ਹੈ ਅਤੇ ਕਿਸਾਨ ਨੂੰ ਨਮੀ ਵਾਲੀ ਫਸਲ ਸੁੱਕਣ ਤੱਕ ਮੰਡੀਆਂ ਵਿਚ ਰਹਿਣਾ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ/ਨਾੜ ਨਾ ਸਾੜਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਓਥੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਪਿਛਲੇ ਸਾਲ 6 ਲੱਖ 23 ਹਜਾਰ 435 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ।

ਅਮਰਕੋਟ, 8 ਅਕਤੂਬਰ - ਫ਼ਿਰੋਜਪੁਰ ਸੈਕਟਰ ਅਧੀਨ ਆਉਂਦੇ ਅਮਰਕੋਟ ਬੀ.ਐੱਸ.ਐਫ ਦੀ 103 ਬਟਾਲੀਅਨ ਦੀ ਡੱਲ ਪੋਸਟ ਨੇੜਿਓ 2 ਕਿੱਲੋ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ।

ਠੱਠੀ ਭਾਈ, 8 ਅਕਤੂਬਰ - ਪਰਾਲੀ ਸਾੜਨ ਦੀਆਂ ਪਾਬੰਦੀਆਂ ਦੇ ਹੁਕਮਾਂ ਦੇ ਬਾਵਜੂਦ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਬੇਅਸਰ ਸਿੱਧ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇੱਥੇ ਬਾਘਾ ਪੁਰਾਣਾ ਰੋਡ ਤੇ ਇੱਕ ਕਿਸਾਨ ਵੱਲੋਂ ਝੋਨੇ ਦੀ ਕਟਾਈ ਕਰਨ ਉਪਰੰਤ ਪਰਾਲੀ ਨੂੰ ਸ਼ਰੇਆਮ ਅੱਗ ਲਗਾ ਦੇਣ ਦੀ ਖ਼ਬਰ ਹੈ।

ਪਾਤੜਾਂ/ਖਨੌਰੀ,- ਇੱਥੋਂ ਨੇੜਲੇ ਪਿੰਡ ਸ਼ੇਰਗੜ੍ਹ ਕੋਲ ਥ੍ਰੀ-ਵ੍ਹੀਲਰ ਤੇ ਕਾਰ ਵਿਚਾਲੇ ਹੋਈ ਟੱਕਰ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਮਨਜੀਤ ਸਿੰਘ, ਸ਼ਾਮ ਲਾਲ ਅਤੇ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਚੌਂਕੀ ਠਰੂਆ ਦੇ ਇੰਚਾਰਜ ਰੂਪ ਸਿੰਘ ਨੇ ਦੱਸਿਆ ਕਿ ਵੇਟਰ ਵਜੋਂ ਕੰਮ ਕਰਦਾ ਸ਼ਾਮ ਲਾਲ ਕਿਸੇ ਸਮਾਗਮ ਤੋਂ ਰਾਜੇਸ਼ ਕੁਮਾਰ ਨੂੰ ਨਾਲ ਲੈ ਆਪਣੇ ਥ੍ਰੀ-ਵ੍ਹੀਲਰ ’ਤੇ ਪਿੰਡ ਅਰਨੌ ਪਰਤ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਰਾਹ ਵਿਚ ਪਿੰਡ ਦੇ ਹੀ ਕੁਝ ਲੋਕ ਮਿਲ ਗਏ ਜਿਨ੍ਹਾਂ ਨੂੰ ਉਨ੍ਹਾਂ ਥ੍ਰੀ-ਵ੍ਹੀਲਰ ਵਿਚ ਬਿਠਾ ਲਿਆ। ਜਦ ਉਹ ਪਿੰਡ ਸ਼ੇਰਗੜ੍ਹ ਤੋਂ ਇਕ ਕਿਲੋਮੀਟਰ ਦੂਰ ਸਨ ਤਾਂ ਸਾਹਮਣੇ ਤੋਂ ਆ ਰਹੀ ਸਵਿਫ਼ਟ ਡਿਜ਼ਾਇਰ ਕਾਰ ਨਾਲ ਵਾਹਨ ਦੀ ਟੱਕਰ ਹੋ ਗਈ। ਗੰਭੀਰ ਜ਼ਖ਼ਮੀ ਹੋਏ ਮਨਜੀਤ ਸਿੰਘ, ਸ਼ਾਮ ਲਾਲ ਅਤੇ ਰਾਜੇਸ਼ ਕੁਮਾਰ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਜ਼ਖ਼ਮੀਆਂ ’ਚ ਮਨਜੀਤ ਕੌਰ, ਗੁਰਮੀਤ ਕੌਰ, ਰਾਹੁਲ ਕੁਮਾਰ, ਅਤੇ ਸੁਖਵੰਤ ਕੌਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਰ ਚਾਲਕ ਹਾਦਸੇ ਮਗਰੋਂ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਕਾਰ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਐਸ. ਏ. ਐਸ. ਨਗਰ, 6 ਅਕਤੂਬਰ 2019 - ਸ਼ਹਿਰ ਨੇੜਲੇ ਪਿੰਡ ਜਗਤਪੁਰਾ ਦਾ ਰਹਿਣ ਵਾਲਾ 9 ਸਾਲਾ ਬੱਚਾ ਆਰੁਸ਼ ਪੁੱਤਰ ਵਿਜੇ 4 ਅਕਤੂਬਰ ਤੋਂ ਲਾਪਤਾ ਹੈ, ਜਿਸ ਸਬੰਧੀ ਐਫ. ਆਈ. ਆਰ. ਨੰ. 363 ਦਰਜ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਆਈ. ਹਰਸ਼ ਮੋਹਨ ਨੇ ਦੱਸਿਆ ਕਿ ਬੱਚੇ ਦੀ ਗੁੰਮਸ਼ਦਗੀ ਬਾਰੇ ਉਸਦੇ ਪਿਤਾ ਵਿਜੇ ਵੱਲੋਂ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਐਫ. ਆਈ. ਆਰ. ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਬੱਚੇ ਦੇ ਹੁਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਤਾ ਬੱਚੇ ਆਰੁਸ਼ ਦਾ ਰੰਗ ਸਾਂਵਲਾ, ਕੱਦ ਲਗਪਗ 3 ਫੁੱਟ 7 ਇੰਚ, ਕਾਲੇ ਵਾਲ ਅਤੇ ਉਸ ਨੇ ਲਾਲ ਰੰਗ ਦੀ ਬਨੈਣ ਅਤੇ ਨੀਲੇ ਰੰਗ ਦੀ ਨੀਕਰ ਪਹਿਨੀ ਹੋਈ ਸੀ। ਉਨ੍ਹਾਂ ਕਿਹਾ ਕਿ ਲਾਪਤਾ ਬੱਚੇ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਥਾਣਾ ਸੋਹਾਣਾ ਜਾਂ ਇਨ੍ਹਾਂ ਮੋਬਾਇਲ ਨੰਬਰਾਂ 9115516028, 9115516029 ਅਤੇ 8146583773 ’ਤੇ ਸੰਪਰਕ ਕੀਤਾ ਜਾਵੇ।

ਗੜ੍ਹਸ਼ੰਕਰ, 3 ਅਕਤੂਬਰ - ਇੱਥੇ ਨੰਗਲ ਰੋਡ 'ਤੇ ਪਿੰਡ ਸ਼ਾਹਪੁਰ ਨਜ਼ਦੀਕ ਕੰਡੀ ਨਹਿਰ 'ਤੇ ਬਣੇ ਪੁਲ 'ਤੇ ਤੜਕਸਾਰ ਕਰੀਬ 2.30 ਕੁ ਵਜੇ ਜਦੋਂ ਨੰਗਲ ਰੋਡ 'ਤੇ ਹਿਮਾਚਲ ਪ੍ਰਦੇਸ਼ ਸਾਈਡ ਤੋਂ ਰੇਤ ਲੈ ਕੇ ਆ ਰਿਹਾ ਟਿੱਪਰ ਜਦੋਂ ਕੰਢੀ ਨਹਿਰ 'ਤੇ ਬਣੇ ਪੁਲ ਤੋਂ ਲੰਘ ਰਿਹਾ ਸੀ ਤਾਂ ਇਸ ਦੌਰਾਨ ਪਿੱਛੋਂ ਆ ਰਿਹਾ ਟਿੱਪਰ ਬੇਕਾਬੂ ਹੋ ਕੇ ਅਗਲੇ ਟਿੱਪਰ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਪਿਛਲੇ ਟਿੱਪਰ ਦੇ ਚਾਲਕ ਸੁਰਜੀਤ ਸਿੰਘ (37) ਪੁੱਤਰ ਜਰਨੈਲ ਸਿੰਘ ਵਾਸੀ ਹਮੀਦੀ (ਬਰਨਾਲਾ) ਦੀ ਮੌਤ ਹੋ ਗਈ ਜਦਕਿ ਨਾਲ ਸਵਾਰ ਇਕਬਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜੰਡਿਆਲਾ ਗੁਰੂ, 3 ਅਕਤੂਬਰ - - ਜੰਡਿਆਲਾ ਗੁਰੂ ਸ਼ਹਿਰ ਦੇ ਵੈਰੋਵਾਲ ਰੋਡ 'ਤੇ ਖੂਹ ਗੁਰੂ ਅਰਜਨ ਦੇਵ ਇਲਾਕੇ ਵਿਚ 10-12 ਅਣਪਛਾਤੇ ਲੁਟੇਰਿਆਂ ਵੱਲੋਂ ਬੀਤੀ ਰਾਤ ਇਕ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਬਜ਼ੁਰਗ ਪਤੀ ਪਤਨੀ ਨੂੰ ਜ਼ਖਮੀ ਕਰਕੇ ਇਕ ਲਾਇਸੈਂਸੀ ਰਾਈਫ਼ਲ 12 ਬੋਰ, ਨਕਦੀ ਤੇ ਗਹਿਣੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਬੀਣੇਵਾਲ, 30 ਸਤੰਬਰ - ਅੱਡਾ ਝੁੰਗੀਆ ਬੀਣੇਵਾਲ ਨੇੜੇ ਅੱਜ ਇੱਕ ਮਿੰਨੀ ਬੱਸ ਦੀ ਸਕੂਲੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਮਿੰਨੀ ਬੱਸ ਦੇ ਚਾਲਕ ਸੁੱਖੀ ਅਤੇ 10 ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਪੀ. ਐੱਚ. ਸੀ. ਬੀਣੇਵਾਲ ਵਿਖੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ। ਜਾਣਕਾਰੀ ਮੁਤਾਬਕ ਮਿੰਨੀ ਬੱਸ ਗੜ੍ਹਸ਼ੰਕਰ ਨੂੰ ਜਾ ਰਹੀ ਸੀ ਅਤੇ ਸਕੂਲੀ ਬੱਸ ਮਾਨਸੋਵਾਲ ਸਕੂਲ ਜਾ ਰਹੀ ਸੀ। ਹਾਦਸੇ 'ਚ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।

ਸਮਾਣਾ, 30 ਸਤੰਬਰ - ਸਮਾਣਾ-ਪਟਿਆਲਾ ਮਾਰਗ 'ਤੇ ਬੀਤੀ ਰਾਤ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।