:
You are here: Home

ਕੇਜਰੀਵਾਲ ਨੇ ਤੋੜੀ ਭਾਸ਼ਾ ਦੀ ਮਰਿਆਦਾ, ਮੋਦੀ ਦੇ ਪਿਤਾ 'ਤੇ ਕੀਤੀ ਟਿੱਪਣੀ Featured

Written by  Published in ਰਾਜਨੀਤੀ Thursday, 14 March 2019 07:51

ਨਵੀਂ ਦਿੱਲੀ -ਚੋਣਾਂ ਦੀ ਸ਼ੁਰੂਆਤ ਹੋ ਗਈ ਹੈ। ਸਿਆਸੀ ਦਲ ਇੱਕ-ਦੂਜੇ 'ਤੇ ਲਗਾਤਾਰ ਦੋਸ਼ ਲਾਉਣ ਲੱਗ ਪਏ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਸ਼ਾ ਦੀ ਮਰਿਆਦਾ ਤੋੜਦੇ ਹੋਏ ਕਿਹਾ ਕਿ ਇਸ ਦੇਸ਼ ਲਈ ਮੋਦੀ ਦੇ ਪਿਤਾ ਨੇ ਕੁਰਬਾਨੀ ਨਹੀਂ ਦਿੱਤੀ, ਬਲਕਿ ਭਗਤ ਸਿੰਘ ਨੇ ਦਿੱਤੀ ਹੈ। ਕੇਜਰੀਵਾਲ ਭਾਜਪਾ ਦੇ ਘੋਸ਼ਣਾ ਪੱਤਰ ਬਾਰੇ ਬੋਲ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲਣ ਤੱਕ ਸੰਘਰਸ਼ ਕਰਦੇ ਰਹਾਂਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਮਜਬੂਰ ਨਾ ਕਰੋ, ਤੁਹਾਡੇ ਘਰਾਂ 'ਚ ਵੜ ਕੇ ਆਪਣਾ ਹੱਕ ਲੈ ਲੈਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕਰਕੇ ਰਾਹੁਲ ਗਾਂਧੀ ਤੋਂ ਗਠਜੋੜ 'ਤੇ ਸੋਚਣ ਦੀ ਅਪੀਲ ਵੀ ਕੀਤੀ। ਕੇਜਰੀਵਾਲ ਨੇ ਕਿਹਾ, 'ਦੇਸ਼ ਦੇ ਲੋਕ ਅਮਿਤ ਸ਼ਾਹ ਅਤੇ ਮੋਦੀ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ 'ਚ ਜੇ ਜੇ ਪੀ, ਆਪ ਅਤੇ ਕਾਂਗਰਸ ਇਕੱਠੇ ਲੜਦੇ ਹਨ ਤਾਂ ਹਰਿਆਣਾ ਦੀਆਂ ਦਸਾਂ ਸੀਟਾਂ 'ਤੇ ਭਾਜਪਾ ਹਾਰੇਗੀ। ਰਾਹੁਲ ਗਾਂਧੀ ਜੀ ਇਸ 'ਤੇ ਵਿਚਾਰ ਕਰਨ।' ਜ਼ਿਕਰਯੋਗ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਲਗਾਤਾਰ ਕਾਂਗਰਸ ਦੇ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਕਾਮਯਾਬੀ ਨਹੀਂ ਮਿਲ ਰਹੀ। ਪਿਛਲੇ ਦਿਨਾਂ 'ਚ ਦਿੱਲੀ ਦੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਆਪ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਸੀ। ਉਥੇ ਹੀ ਸੋਮਵਾਰ ਨੂੰ ਪੰਜਾਬ ਤੋਂ ਵੀ ਕੇਜਰੀਵਾਲ ਨੂੰ ਵੱਡਾ ਝਟਕਾ ਮਿਲਿਆ, ਜਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ 'ਚ ਸੂਬੇ ਵਿੱਚ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਦੀ ਗੱਲਬਾਤ ਨੂੰ ਖਾਰਜ ਕਰ ਦਿੱਤਾ।

Read 1 times