:
You are here: Home

ਅਸੀਂ ਵੀ ਸਮਾਜਵਾਦੀ ਪਾਰਟੀ ਲਈ ਛੱਡਾਂਗੇ 2-3 ਸੀਟਾਂ : ਸਿੰਧੀਆ Featured

Written by  Published in ਰਾਜਨੀਤੀ Sunday, 10 March 2019 05:28

ਲਖਨਊਜ਼ -ਯੂ ਪੀ 'ਚ ਲੋਕ ਸਭਾ ਚੋਣਾਂ ਦੇ ਉਮੀਦਵਾਰ ਚੁਣਨ 'ਚ ਲੱਗੀ ਕਾਂਗਰਸ ਪਾਰਟੀ ਨੇ ਕਿਹਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਨੂੰ ਆਪਣੇ ਦਮ 'ਤੇ ਹੀ ਲੜੇਗੀ। ਪਾਰਟੀ ਦੇ ਜਨਰਲ ਸਕੱਤਰ ਅਤੇ ਪੱਛਮੀ ਯੂ ਪੀ ਦੇ ਇੰਚਾਰਜ ਜਿਉਤ੍ਰਿਦਿੱਤਿਆ ਸਿੰਧੀਆ ਨੇ ਕਿਹਾ ਕਿ ਐੱਸ ਪੀ ਦੁਆਰਾ ਰਾਏਬਰੇਲੀ ਅਤੇ ਅਮੇਠੀ ਸੀਟ ਛੱਡਣ ਦੇ ਬਦਲੇ ਉਨ੍ਹਾ ਦੀ ਪਾਰਟੀ ਵੀ ਸਮਾਜਵਾਦੀ ਪਾਰਟੀ ਲਈ 2-3 ਸੀਟਾਂ 'ਤੇ ਉਮੀਦਵਾਰ ਨਹੀਂ ਉਤਾਰੇਗੀ। ਉਨ੍ਹਾ ਕਿਹਾ ਕਿ ਐੱਸ ਪੀ ਅਤੇ ਬਸਪਾ ਦੇ ਰਸਤੇ ਕਾਂਗਰਸ ਤੋਂ ਵੱਖ ਹੋ ਸਕਦੇ ਹਨ, ਪਰ ਉਨ੍ਹਾਂ ਦਾ ਨਿਸ਼ਾਨਾ ਇੱਕ ਹੀ ਹੈ। ਉਤਰ ਪ੍ਰਦੇਸ਼ 'ਚ ਐੱਸ ਪੀ-ਬਸਪਾ ਦੇ ਗਠਜੋੜ 'ਤੇ ਸ਼ਾਮਲ ਹੋਣ ਦੇ ਸਵਾਲ 'ਤੇ ਉਨ੍ਹਾ ਕਿਹਾ, ' ਤੁਹਾਨੂੰ ਕਈ ਵਾਰ ਇਹ ਗੱਲ ਕਹੀ ਹੈ ਕਿ ਸਾਡਾ ਮਕਸਦ ਇੱਕ ਹੀ ਹੈ ਕਿ ਕੇਂਦਰ 'ਚ ਯੂ ਪੀ ਏ ਦੀ ਸਰਕਾਰ ਬਣਨੀ ਚਾਹੀਦੀ ਹੈ। ਉਤਰ ਪ੍ਰਦੇਸ਼ 'ਚ ਕਾਂਗਰਸ ਆਪਣੀ ਸ਼ਕਤੀ ਦੇ ਆਧਾਰ 'ਤੇ ਅਤੇ ਆਪਣੇ ਦਮ 'ਤੇ ਇਹ ਚੋਣ ਲੜਨ ਜਾ ਰਹੀ ਹੈ।' ਉਨ੍ਹਾ ਕਿਹਾ, 'ਐੱਸ ਪੀ ਅਤੇ ਬਸਪਾ ਨੇ ਆਪਣਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਦਾ ਇਹ ਹੱਕ ਹੈ ਕਿ ਉਹ ਆਪਣਾ ਫੈਸਲਾ ਲੈਣ। ਅਸੀਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।' ਸਿੰਧੀਆ ਨੇ ਕਿਹਾ, 'ਅਸੀਂ ਸਦਾ ਕਿਹਾ ਹੈ ਕਿ ਗੱਲਬਾਤ ਅਤੇ ਚਰਚਾ ਜ਼ਰੂਰੀ ਹੈ, ਪਰ ਗੱਲਬਾਤ ਅਤੇ ਚਰਚਾ ਦੋਵੇਂ ਪਾਸਿਓਂ ਹੋਣੀ ਚਾਹੀਦੀ ਹੈ। ਵਰਤਮਾਨ ਪ੍ਰਸਥਿਤੀਆਂ 'ਚ ਕਾਂਗਰਸ ਆਪਣੇ ਦਮ 'ਤੇ ਚੋਣ ਲੜੇਗੀ, ਅਸੀਂ ਆਪਣੀ ਪਾਰਟੀ ਨੂੰ ਉਤਰ ਪ੍ਰਦੇਸ਼ 'ਚ ਸਥਾਪਤ ਕਰਨਾ ਹੈ।' ਮਹਾਂਗਠਜੋੜ ਦੇ ਸਮਝੌਤੇ ਦੇ ਸਵਾਲ 'ਤੇ ਸਿੰਧੀਆਂ ਨੇ ਕਿਹਾ ਕਿ ਐੱਸ ਪੀ ਅਤੇ ਬਸਪਾ ਨਾਲ ਸਾਡੇ ਰਾਸਤੇ ਵੱਖ ਹੋ ਸਕਦੇ ਹਨ, ਪਰ ਸਾਡਾ ਆਖਰੀ ਨਿਸ਼ਾਨਾ ਇੱਕ ਹੀ ਹੈ। ਜ਼ਿਕਰਯੋਗ ਹੈ ਕਿ ਯੂ ਪੀ 'ਚ ਮਹਾਂਗਠਜੋੜ ਦੇ ਐਲਾਨ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਵੀ ਇਸ ਮਹਾਂ-ਸਮਝੌਤੇ 'ਚ ਸ਼ਾਮਲ ਹੋ ਸਕਦੀ ਹੈ।

Read 2 times