ਬਨੂੜ,- ਬੀਤੀ ਰਾਤ ਇਕ ਵਿਆਹੁਤਾ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਦੁੱਧ ਵਿਚ ਨਸ਼ੀਲੀ ਦਵਾਈ ਪਿਲਾ ਕੇ ਇਕ ਲੱਖ ਰੁਪਏ ਤੇ ਹੋਰ ਕੀਮਤੀ ਸਾਮਾਨ ਚੁੱਕ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਗੰਡਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨ 2012 ਵਿਚ ਉਸ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਪਿੰਡ ਰੁੜਕਾ ਥਾਣਾ ਘਨੌਰ ਨਾਲ ਹੋਇਆ ਸੀ, ਜਿਸ ਦੀ ਇਕ 4 ਸਾਲਾ ਪੁੱਤਰੀ ਤਨਵੀਰ ਕੌਰ ਵੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਪਰਿਵਾਰਕ ਮੈਂਬਰਾਂ ਵਾਸਤੇ ਪੀਣ ਲਈ ਦੁੱਧ ਗਰਮ ਕੀਤਾ ਤਾਂ ਉਸ ਵਿਚ ਨਸ਼ੀਲੀ ਦਵਾਈ ਪਾ ਦਿੱਤੀ, ਜਿਸ ਕਾਰਨ ਮੈਂ, ਮੇਰੀ ਮਾਤਾ ਤੇ ਪਿਤਾ ਬੇਹੋਸ਼ ਹੋ ਗਏ ਤੇ ਉਹ ਘਰ ਵਿਚ ਰੱਖਿਆ ਇਕ ਲੱਖ ਰੁਪਿਆ, ਕੀਮਤੀ ਸਾਮਾਨ ਤੇ 4 ਸਾਲਾ ਪੁੱਤਰੀ ਨੂੰ ਲੈ ਕੇ ਫਰਾਰ ਹੋ ਗਈ। ਇਸ ਬਾਰੇ ਸਾਨੂੰ ਸਵੇਰੇ ਜਾਗ ਖੁੱਲ੍ਹੀ ਤਾਂ ਪਤਾ ਲੱਗਾ। ਇਸ ਦੀ ਸ਼ਿਕਾਇਤ ਥਾਣਾ ਸ਼ੰਭੂ ਵਿਖੇ ਕਰਵਾ ਦਿੱਤੀ ਹੈ, ਜਦੋਂ ਇਸ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬੂਟਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।