:
You are here: Home

ਅਰਮੇਨੀਆ ਤੋਂ ਵਾਪਸ ਪਰਤੇ ਨੌਜਵਾਨਾਂ ਦੀ ਕਹਾਣੀ 'ਚ ਟਵਿਸਟ - ਭਗਵੰਤ ਮਾਨ 'ਤੇ ਵੀ ਲੱਗੇ ਵੋਟਾਂ ਬਟੋਰਨ ਦੇ ਦੋਸ਼ Featured

Written by  Published in Politics Monday, 11 February 2019 09:36

ਚੰਡੀਗੜ੍ਹ, 11 ਫਰਵਰੀ 2019 - ਲੰਘੇ ਦਿਨੀਂ ਕਪੂਰਥਲਾ ਦੇ 4 ਨੌਜਵਾਨ ਤੇ ਇੱਕ ਔਰਤ ਅਰਮੇਨੀਆ ਤੋਂ ਭਾਰਤ ਵਾਪਸ ਪਰਤੇ ਸਨ ਤੇ ਜਿੰਨ੍ਹਾਂ ਨੇ ਦਿੱਲੀ ਏਅਰਪੋਰਟ 'ਤੇ ਆਉਂਦਿਆਂ ਹੀ ਭਗਵੰਤ ਮਾਨ ਨਾਲ ਲਾਈਵ ਹੋ ਕੇ ਏਜੰਟਾਂ ਦੇ ਧੱਕੇ ਨਾ ਚੜ੍ਹਨ ਦੀ ਅਫੀਲ ਕੀਤੀ ਸੀ ਉਨ੍ਹਾਂ ਨਾਲ ਅਰਮੇਨੀਆ 'ਚ ਹੋਈ ਹੱਡਬੀਤੀ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਇਆ ਗਿਆ। ਪਰ ਹੁਣ ਇਸੇ ਮਾਮਲੇ 'ਚ ਇੱਕ ਨਵਾਂ ਮੋੜ ਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਸੀ ਕਿ ਅਰਮੇਨੀਆ 'ਚ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ। ਕਪੂਰਥਲਾ ਵਿਚ ਦਰਜ ਐਫਆਈਆਰ ਵਿਚ ਨਾਮਜ਼ਦ ਅਰਮੇਨੀਆ ਰਹਿੰਦੀ ਔਰਤ ਹਰਪ੍ਰੀਤ ਕੌਰ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਇੰਨ੍ਹਾਂ ਨੌਜਵਾਨਾਂ ਵੱਲੋਂ ਦੱਸੀ ਗਈ ਸਾਰੀ ਕਹਾਣੀ ਝੂਠੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਨੇ ਬੰਦੀ ਨਹੀਂ ਬਣਾਇਆ ਸਗੋਂ ਇਹ ਨੌਜਵਾਨ ਕਈ ਦਿਨ ਮੁਫਤ ਉਸ ਪੰਜਾਬੀ ਔਰਤ ਦੇ ਘਰ ਵਿਚ ਰਹੇ ਤੇ ਇਹ ਸਭ ਔਰਤ ਨੇ ਪੰਜਾਬੀ ਹੋਣ ਦੇ ਨਾਤੇ ਕੀਤਾ। ਵੀਡੀੳ 'ਚ ਔਰਤ ਨੇ ਭਗਵੰਤ ਮਾਨ 'ਤੇ ਵੋਟਾਂ ਲਈ ਝੂਠ ਬੋਲਣ ਦਾ ਦੋਸ਼ ਵੀ ਲਾਇਆ ਹੈ। ਹਰਪ੍ਰੀਤ ਨੇ ਸੁਖਪਾਲ ਸਿੰਘ ਖਹਿਰਾ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ। ਉਸ ਕੋਲ ਸਾਰੇ ਸਬੂਤ ਹਨ ਤੇ ਉਹ ਇਨ੍ਹਾਂ ਨੂੰ ਪੇਸ਼ ਕਰੇਗੀ। ਉਸ ਦੇ ਘਰ ਦੇ ਬਾਹਰ ਕੈਮਰੇ ਲੱਗੇ ਹਨ ਤੇ ਇਸ ਦੀ ਸਾਰੀ ਵੀਡੀਓ ਉਹ ਪੇਸ਼ ਕਰ ਕੇ ਦੱਸੇਗੀ ਕਿ ਸੱਚ ਕੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕੁਝ ਪੰਜਾਬੀ ਨੌਜਵਾਨਾਂ ਨੇ ਅਰਮੀਨੀਆ ਵਿਚ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ। ਜਿਸ ਪਿੱਛੋਂ ਭਗਵੰਤ ਮਾਨ ਦੇ ਦਖਲ ਨਾਲ ਇਨ੍ਹਾਂ ਨੂੰ ਕੱਲ੍ਹ ਭਾਰਤ ਲਿਆਂਦਾ ਗਿਆ ਸੀ। ਪਰ ਹੁਣ ਜਿਸ ਔਰਤ ਉਤੇ ਇਹ ਨੌਜਵਾਨ ਦੋਸ਼ ਲਾ ਰਹੇ ਸਨ, ਉਸੇ ਨੇ ਦਾਅਵਾ ਕਰ ਦਿੱਤਾ ਹੈ ਕਿ ਉਹ ਕੁਝ ਦਿਨ ਲਈ ਭਾਰਤ ਗਈ ਸੀ ਤੇ ਆਪਣਾ ਘਰ ਇਨ੍ਹਾਂ ਨੌਜਵਾਨਾਂ ਨੂੰ ਦੇ ਗਈ ਸੀ ਪਰ ਜਦੋਂ ਵਾਪਸ ਆਉਣ ਉਤੇ ਇਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਤਾਂ ਇਨ੍ਹਾਂ ਨੇ ਬੇ-ਵਜ੍ਹਾ ਦੋਸ਼ ਲਾ ਦਿੱਤੇ।

Read 54 times