:
You are here: Home

ਨਵਜੋਤ ਸਿੱਧੂ ਦੀ ਵਧੀ ਸੁਰੱਖਿਆ

Written by  Published in Politics Thursday, 10 January 2019 03:59

ਚੰਡੀਗੜ੍ਹ,— ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਧਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਿੱਧੂ ਦੀ ਸੁਰੱਖਿਆ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ ਨੂੰ ਤਾਇਨਾਤ ਕੀਤਾ ਜਾਵੇ। ਹਾਲਾਂਕਿ ਸਿੱਧੂ ਦੀ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸਿੱਧੂ ਦੇ ਸਿਕਿਓਰਿਟੀ ਗਾਰਡਾਂ ਦੀ ਗਿਣਤੀ 12 ਤੋਂ 24 ਕਰ ਦਿੱਤੀ ਹੈ ਤੇ ਨਾਲ ਹੀ ਸਿੱਧੂ ਦੇ ਘਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੇਂਦਰ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਸਿੱਧੂ ਦੇ ਪੰਜਾਬ ਵਿਚ ਵਿਰੋਧੀ ਪਾਰਟੀਆਂ ਨਾਲ ਕਾਫ਼ੀ ਤਿੱਖੇ ਸਬੰਧ ਹਨ। ਮਾਇਨਿੰਗ ਮਾਫੀਆ, ਡਰੱਗ ਮਾਫੀਆ ਆਦਿ ਮਸਲਿਆਂ 'ਤੇ ਬੇਬਾਕ ਬੋਲਣ ਵਾਲੇ ਸਿੱਧੂ ਦੇ ਵਿਰੋਧੀਆਂ ਦੀ ਗਿਣਤੀ ਵਧਣ ਦੀ ਗੱਲ ਵੀ ਕਹੀ ਗਈ ਹੈ। ਸਾਲ 2018 ਵਿਚ ਡੇਰਾ ਸੱਚਾ ਸੌਦੇ ਦੇ ਪ੍ਰੇਮੀਆਂ ਨੇ ਸਿੱਧੂ ਨੂੰ ਧਮਕੀ ਦਿੱਤੀ ਸੀ ਕਿਉਂਕਿ ਸਿੱਧੂ ਨੇ ਡੇਰਾ ਪ੍ਰਮੁੱਖ ਖਿਲਾਫ ਬੋਲਿਆ ਸੀ। ਨਵਜੋਤ ਸਿੱਧੂ ਜਦੋਂ ਪਾਕਿਸਤਾਨ ਗਏ ਅਤੇ ਉਨ੍ਹਾਂ ਦੀ ਪਾਕਿ ਫੌਜ ਪ੍ਰਮੁੱਖ ਨਾਲ ਜੱਫੀ ਨੂੰ ਲੈ ਕੇ ਵਿਵਾਦ ਚੱਲਿਆ ਸੀ, ਉਦੋਂ ਤੋਂ ਸਿੱਧੂ ਨੂੰ ਖ਼ਤਰਾ ਹੋਰ ਵੀ ਵੱਧ ਗਿਆ ਹੈ। ਹਾਲ ਹੀ ਵਿਚ ਸਿੱਧੂ ਨੂੰ ਹਿੰਦੂ ਯੁਵਾ ਵਾਹਿਨੀ, ਯੂ.ਪੀ. ਆਧਾਰਿਤ ਗਰੁੱਪ ਵਲੋਂ ਧਮਕੀ ਮਿਲ ਚੁੱਕੀ ਹੈ। ਹਾਲਾਂਕਿ ਇਸ ਗਰੁੱਪ ਨੇ ਸਿੱਧੂ ਨੂੰ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਸੀ। ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਕਿ ਸਿੱਧੂ ਹਾਲ ਹੀ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਸਨ ਤੇ ਆਉਣ ਵਾਲੀਆਂ ਲੋਕਸਭਾ ਚੋਣਾਂ 'ਚ ਵੀ ਉਹ ਇਸੇ ਤਰ੍ਹਾਂ ਕੈਂਪੇਨ ਜਾਰੀ ਰੱਖ ਸਕਦੇ ਹਨ ਤੇ ਜਿਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ਵਿਚ ਵੱਖ-ਵੱਖ ਸਥਾਨਾਂ 'ਤੇ ਜਾਣਾ ਪਵੇਗਾ। ਰਾਜ ਸਰਕਾਰ ਅਨੁਸਾਰ ਇਸ ਸਮੇਂ ਸਿੱਧੂ ਕੋਲ ਪੰਜਾਬ 'ਚ ਜੈਡ ਪਲੱਸ ਸਿਕਿਓਰਿਟੀ ਹੈ। ਸਿੱਧੂ 'ਤੇ ਵੱਧਦੇ ਖਤਰੇ ਨੂੰ ਭਾਂਪਦਿਆਂ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਦਿਆਂ ਨਵਜੋਤ ਸਿੱਧੂ ਨੂੰ ਸੀ. ਏ. ਪੀ. ਐਫ. ਸੁਰੱਖਿਆ ਕਵਰ ਦੇਣ ਦੀ ਮੰਗ ਕੀਤੀ ਹੈ, ਜਿਸ ਨਾਲ ਕਦੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

Read 29 times