:
You are here: Home

ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਨੇ ਦਿਵਿਯਾਂਗ ਵਿਅਕਤੀ-ਮਨਪ੍ਰੀਤ ਸਿੰਘ ਛੱਤਵਾਲ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Wednesday, 05 December 2018 07:23

ਅਬੋਹਰ 03 ਦਸੰਬਰ ( ਰਮਿਤ ਚੁੱਘ , ਭੋਲਾ ਖੁਰਾਣਾ ) ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਆਲਮਗੜ੍ਹ ਵਿਖੇ ਸਥਿੱਤ ਪ੍ਰਯਾਸ ਸਕੂਲ ਵਿਖੇ ਦਿਵਿਯਾਂਗ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਵਿਯਾਂਗ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਹੀ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇ। ਅਜਿਹੇ ਬੱਚੇ ਕਿਸੇ ਤਰ੍ਹਾਂ ਵੀ ਆਮ ਬੱਚਿਆਂ ਨਾਲੋਂ ਘੱਟ ਨਹੀਂ ਹਨ। ਜੇਕਰ ਇਨ੍ਹਾਂ ਬੱਚਿਆਂ ਨੂੰ ਪੂਰਾ ਸਹਿਯੋਗ ਤੇ ਹੌਂਸਲਾ ਅਫਜ਼ਾਈ ਕੀਤੀ ਜਾਵੇ ਤਾਂ ਇਹ ਕਿਸੇ ਵੀ ਮੁਕਾਮ ਨੂੰ ਹਾਸਲ ਕਰਨ ਦੀ ਤਾਕਤ ਰੱਖਦੇ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਪੈਸ਼ਲ ਬੱਚਿਆਂ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਬੱਚਿਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚੇ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਸਗੋਂ ਇਨ੍ਹਾਂ ਬੱਚਿਆਂ ਦੇ ਆਤਮ-ਵਿਸ਼ਵਾਸ਼ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇ ਤਾਂ ਜੋ ਇਹ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਕੇ ਸਵੈ-ਰੁਜ਼ਗਾਰ ਚਲਾ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਸਪੈਸ਼ਲ ਬੱਚਿਆਂ ਲਈ ਵੱਖਰੇ ਸਕੂਲ ਚਲਾਏ ਜਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਤਾਂ ਜੋ ਜਮਾਂਦਰੂ ਜਾਂ ਕਿਸੇ ਦੁਰਘਟਨਾ ਕਾਰਨ ਦਿਵਿਯਾਂਗ ਹੋਣ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਸੇਵਾਮੁਕਤ ਐਸ.ਡੀ.ਐਮ. ਸ੍ਰੀ ਬੀ.ਐਲ ਸਿੱਕਾ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਸੁਭਾਸ਼ ਅਰੋੜਾ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪ੍ਰਯਾਸ ਸਕੂਲ ਦਾ ਸਮੂਹ ਸਟਾਫ ਤੇ ਬੱਚੇ ਮੌਜ਼ੂਦ ਸਨ।

Read 47 times