ਜਲੰਧਰ : ਖੁਦ ਨੂੰ ਬੀਬੀ ਜਗੀਰ ਕੌਰ ਦੀ ਮ੍ਰਿਤਕ ਧੀ ਹਰਪ੍ਰੀਤ ਕੌਰ ਦਾ ਪਤੀ ਦੱਸਣ ਵਾਲੇ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਗੱਲ ਆਖੀ ਹੈ। 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਕਮਲਜੀਤ ਨੇ ਕਿਹਾ ਕਿ ਉਹ ਹਾਈਕੋਰਟ ਦੇ ਫੈਸਲੇ ਨਾਲ ਸੰਤੁਸ਼ਟ ਨਹੀਂ ਹਨ ਅਤੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲੈ ਕੇ ਜਾਣਗੇ। ਨਾਲ ਹੀ ਕਮਲਜੀਤ ਨੇ ਕਿਹਾ ਕਿ ਹਾਈਕੋਰਟ ਦੇ ਜਿਸ ਬੈਂਚ ਵਲੋਂ ਇਹ ਫੈਸਲਾ ਸੁਣਾਇਆ ਗਿਆ ਹੈ, ਉਸ 'ਤੇ ਉਹ ਪਹਿਲੀ ਹੀ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਇਕ ਪੱਤਰ ਰਾਹੀਂ ਗੈਰ-ਭਰੋਸਗੀ ਜਤਾ ਚੁੱਕੇ ਸਨ ਅਤੇ ਇਹ ਬੈਂਚ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਲਿਪਤ ਸੀ। ਉਨ੍ਹਾਂ ਨੂੰ ਖਦਸ਼ਾ ਹੈ ਕਿ ਹੁਣ ਵੀ ਗਲਤ ਢੰਗ ਨਾਲ ਇਹ ਫੈਸਲਾ ਆਇਆ ਹੈ। ਕਮਲਜੀਤ ਨੇ ਕਿਹਾ ਕਿ ਸੀ. ਬੀ. ਆਈ. ਕੋਰਟ ਵਲੋਂ ਪਹਿਲਾਂ ਹੀ ਸਬੂਤਾਂ ਦੇ ਆਧਾਰ 'ਤੇ ਬੀਬੀ ਜਗੀਰ ਕੌਰ ਨੂੰ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਸੀ, ਜਦਕਿ ਹੁਣ ਹਾਈਕੋਰਟ ਨੇ ਸਬੂਤਾਂ ਅਤੇ ਤੱਥਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਦੇ ਹੋਏ ਫੈਸਲਾ ਸੁਣਾਇਆ ਹੈ। ਕਮਲਜੀਤ ਨੇ ਕਿਹਾ ਕਿ ਉਹ ਹਰਪ੍ਰੀਤ ਕੌਰ ਲਈ ਇਨਸਾਫ ਦੀ ਲੜਾਈ ਜਾਰੀ ਰੱਖਣਗੇ।