:
You are here: Home

ਪੀੜਤਾਂ ਦਾ ਸਹਾਰਾ ਬਣਨ ਵਾਲੇ ਲੋਕ ਸਨਮਾਨ ਦੇ ਹੱਕਦਾਰ : ਵਰਿੰਦਰ ਸ਼ਰਮਾ

Written by  Published in ਖਾਸ ਖਬਰਾਂ Wednesday, 05 December 2018 05:26
Rate this item
(0 votes)

ਸਰਹੱਦੀ ਖੇਤਰਾਂ ਵਿਚ ਸੰਕਟ-ਭਰੇ ਹਾਲਾਤ ਦਰਮਿਆਨ ਜੀਵਨ ਬਸਰ ਕਰ ਰਹੇ ਲੱਖਾਂ ਲੋਕਾਂ ਦੀ ਕੁੰਡਲੀ ਵਿਚ ਪਾਪ ਅਤੇ ਸਰਾਪ ਦੀ ਮੌਜੂਦਗੀ ਜੇ ਉਨ੍ਹਾਂ ਨੂੰ ਜ਼ਖ਼ਮ ਦੇ ਰਹੀ ਹੈ ਤਾਂ ਪੁੰਨ-ਕਾਰਜ ਅਤੇ ਸੇਵਾ ਵਿਚ ਉੱਠੇ ਹੱਥ ਮੱਲ੍ਹਮ ਲਾਉਣ ਲਈ ਵਧੇਰੇ ਸ਼ਿੱਦਤ ਅਤੇ ਸਿਰੜ ਨਾਲ ਜੁਟੇ ਹੋਏ ਹਨ। ਭਾਰਤੀ ਪ੍ਰੰਪਰਾ ਵਿਚ ਦਾਨ-ਪੁੰਨ ਦਾ ਬਹੁਤ ਮਹੱਤਵ ਰਿਹਾ ਹੈ। ਇਸ ਦਾ ਮਕਸਦ ਸੀ ਉਨ੍ਹਾਂ ਲੋਕਾਂ ਦੀ ਸੇਵਾ ਲਈ ਆਪਣੀ ਕਿਰਤ-ਕਮਾਈ ਵਿਚੋਂ ਕੁਝ ਯੋਗਦਾਨ ਪਾਉਣਾ, ਜਿਹੜੇ ਊਣਤਾਈ ਦੇ ਸ਼ਿਕਾਰ ਹਨ, ਰੋਜ਼ੀ-ਰੋਟੀ ਤੋਂ ਕਿਸੇ ਹੱਦ ਤਕ ਵਾਂਝੇ ਹਨ। ਨਿਆਸਰਿਆਂ, ਲੋੜਵੰਦਾਂ, ਨਿਮਾਣਿਆਂ-ਨਿਤਾਣਿਆਂ ਦੀ ਸੇਵਾ ਕਰਨ ਦੀ ਸੋਚ ਵਿਚੋਂ ਹੀ ਦਾਨ-ਪੁੰਨ ਦੇ ਫਲਸਫੇ ਨੇ ਜਨਮ ਲਿਆ ਹੋਵੇਗਾ। ਅੱਜ ਸੰਸਾਰ ਵਿਚ ਜਗਤ-ਗੁਰੂ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਚੱਲ ਰਹੇ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਸੀ–ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਨਾਮ ਜਪਣਾ। ਸ਼੍ਰੋਮਣੀ ਸੰਤ ਭਗਤ ਕਬੀਰ ਜੀ ਨੇ ਕਿਹਾ ਸੀ–''ਦਾਨ ਦੀਏ ਧਨ ਨਾ ਘਟੇ ਕਹਿ ਗਏ ਸੰਤ ਕਬੀਰ'', ਸੰਸਾਰ ਵਿਚ ਅਤੇ ਭਾਰਤ ਵਿਚ ਵੀ ਅਜਿਹੀਆਂ ਅਣਗਿਣਤ ਮਿਸਾਲਾਂ ਹਨ, ਜਦੋਂ ਸੇਵਾ ਦੇ ਮਾਰਗ 'ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਲਈ ਕੁਝ ਹੱਥ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧੇ। ਪੰਜਾਬ ਕੇਸਰੀ ਪੱਤਰ ਸਮੂਹ ਆਪਣੀ ਸਥਾਪਨਾ ਵੇਲੇ ਤੋਂ ਹੀ ਹਮੇਸ਼ਾ ਸੇਵਾ ਦੇ ਖੇਤਰ ਵਿਚ ਯਤਨਸ਼ੀਲ ਰਿਹਾ ਹੈ। ਇਸ ਸੰਦਰਭ ਵਿਚ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਸਮਿਆਂ 'ਤੇ ਵਾਪਰਨ ਵਾਲੀਆਂ ਤ੍ਰਾਸਦੀਆਂ ਤੋਂ ਪੀੜਤ ਲੋਕਾਂ ਲਈ ਵਿਸ਼ੇਸ਼ ਫੰਡ ਚਲਾਏ ਗਏ। ਅੱਤਵਾਦ ਤੋਂ ਪੀੜਤ ਪਰਿਵਾਰਾਂ ਲਈ 1984 ਤੋਂ ਲਗਾਤਾਰ 'ਸ਼ਹੀਦ ਪਰਿਵਾਰ ਫੰਡ' ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਕਰੋੜਾਂ ਰੁਪਏ ਵੰਡੇ ਜਾ ਚੁੱਕੇ ਹਨ। ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦਾ ਦੁੱਖ-ਦਰਦ ਪਛਾਣਦਿਆਂ ਪੰਜਾਬ ਕੇਸਰੀ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਆਪਣਾ ਹੱਥ ਅੱਗੇ ਵਧਾ ਕੇ ਉਨ੍ਹਾਂ ਦੀ ਬਾਂਹ ਫੜੀ ਅਤੇ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਅਧੀਨ ਉਨ੍ਹਾਂ ਲੋਕਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਸਮੱਗਰੀ ਪਹੁੰਚਾਈ ਗਈ ਹੈ, ਜਿਹੜੇ ਗੁਆਂਢੀ ਮੁਲਕ ਵਲੋਂ ਕਮਾਏ ਜਾ ਰਹੇ ਪਾਪ ਦੇ ਸ਼ਿਕਾਰ ਹੋਏ ਹਨ। ਪਾਕਿਸਤਾਨ ਦੀ ਧਰਤੀ ਵਲੋਂ ਉੱਠਣ ਵਾਲੇ ਕੁਝ ਹੱਥ ਬੇਦੋਸ਼ੇ ਲੋਕਾਂ ਦੇ ਮੁਕੱਦਰ 'ਚ ਸਰਾਪ ਦੇ ਕਾਲੇ ਹਰਫ਼ ਲਿਖ ਰਹੇ ਹਨ, ਜਦਕਿ ਉਨ੍ਹਾਂ ਤੋਂ ਕਈ ਗੁਣਾ ਵਧੇਰੇ ਹੱਥ ਇਨ੍ਹਾਂ ਸਰਾਪੀਆਂ ਜ਼ਿੰਦਗੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ। ਸੇਵਾ ਅਤੇ ਪੁੰਨ ਦੇ ਯਤਨਾਂ ਅਧੀਨ ਹੀ 485ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਗੁਰਦਾਸਪੁਰ ਜ਼ਿਲੇ ਦੇ ਸਰਹੱਦੀ ਪਿੰਡ ਜੱਗੋ ਚੱਕ ਟਾਂਡਾ ਵਿਖੇ ਵੰਡੀ ਗਈ। ਇਸ ਮੌਕੇ 'ਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵਲੋਂ ਕੀਤੇ ਪ੍ਰਬੰਧਾਂ ਅਧੀਨ 300 ਪ੍ਰਭਾਵਿਤ ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ। ਰਜਾਈਆਂ ਦੀ ਸੇਵਾ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਲੁਧਿਆਣਾ ਵਲੋਂ ਕੀਤੀ ਗਈ ਸੀ। ਰਾਵੀ ਦਰਿਆ ਦੇ ਕੰਢੇ 'ਤੇ ਵੱਸੇ ਪਿੰਡ ਜੱਗੋ ਚੱਕ ਟਾਂਡਾ ਵਿਖੇ ਸਹਾਇਤਾ ਲੈਣ ਲਈ ਜੁੜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਚੱਲ ਰਿਹਾ 'ਸੇਵਾ ਦਾ ਕੁੰਭ' ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਉੱਚੀ ਸੋਚ ਦਾ ਨਤੀਜਾ ਹੈ, ਜਿਸ ਅਧੀਨ ਉਹ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਸਮੱਗਰੀ ਵੰਡਣ ਲਈ ਇੰਨੇ ਲੰਬੇ ਅਰਸੇ ਤੋਂ ਚੱਲ ਰਹੇ ਕਾਫਿਲੇ ਦੀ ਸਫਲਤਾ ਵਿਚ ਜੇ. ਬੀ. ਸਿੰਘ ਚੌਧਰੀ ਦੀ ਵੀ ਵੱਡੀ ਭੂਮਿਕਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਅਹਿਮ ਹਿੱਸਾ ਇਸ ਸੇਵਾ ਦੇ ਲੇਖੇ ਲਾਇਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ, ਪੀੜਤਾਂ ਦਾ ਸਹਾਰਾ ਬਣਨ ਵਾਲੇ ਅਤੇ ਸੇਵਾ-ਕਾਰਜਾਂ ਵਿਚ ਜੁਟੇ ਲੋਕ ਪ੍ਰਸ਼ੰਸਾ ਅਤੇ ਸਨਮਾਨ ਦੇ ਹੱਕਦਾਰ ਹਨ। ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਰਾਜ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਦੇ ਕੰਢੇ 'ਤੇ ਵੱਸੇ ਜੱਗੋ ਚੱਕ ਟਾਂਡਾ ਸਮੇਤ ਕਈ ਪਿੰਡਾਂ ਨੂੰ ਅਕਸਰ ਹੜ੍ਹਾਂ ਦੀ ਮਾਰ ਪੈਂਦੀ ਰਹਿੰਦੀ ਹੈ। ਹੜ੍ਹਾਂ ਦੇ ਦਿਨਾਂ ਵਿਚ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਦੌੜਨਾ ਪੈਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਦੇ ਸਿਰ 'ਤੇ ਅੱਤਵਾਦ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਜਿਹੇ ਮੁਸੀਬਤ ਮਾਰੇ ਲੋਕਾਂ ਲਈ ਸਹਾਇਤਾ ਭਿਜਵਾ ਕੇ ਪੰਜਾਬ ਵਾਸੀਆਂ ਨੇ ਇਕ ਨੇਕ ਅਤੇ ਪੁੰਨ ਦਾ ਕੰਮ ਕੀਤਾ ਹੈ। ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸੰਸਾਰ ਵਿਚ ਪੁੰਨ ਦਾ ਸਭ ਤੋਂ ਵੱਡਾ ਕੰਮ ਲੋੜਵੰਦਾਂ ਅਤੇ ਦੁਖੀ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਹੀ ਉਹ ਪਿਛਲੇ ਦੋ ਦਹਾਕਿਆਂ ਤੋਂ ਰਾਹਤ ਵੰਡਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਹੀ ਸੇਵਾ ਅਤੇ ਸਮਾਜ ਭਲਾਈ ਦੇ ਹੋਰ ਕਾਰਜ ਵੀ ਕਰ ਰਹੇ ਹਨ। ਇਸ ਮੌਕੇ 'ਤੇ ਕੈਪਟਨ ਸਤਪਾਲ ਸਿੰਘ, ਇਕਬਾਲ ਸਿੰਘ ਟਾਂਡਾ ਅਤੇ ਇਕਬਾਲ ਸਿੰਘ ਅਰਨੇਜਾ ਨੇ ਵੀ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕੀਤਾ ਤੇ ਸਮੱਗਰੀ ਵੰਡਣ ਵਿਚ ਭੂਮਿਕਾ ਨਿਭਾਈ।

Read 755 times