:
You are here: Home

ਸਿੱਖਾਂ ਦੀ ਸਰਵਉੱਚ ਸੰਸਥਾ 'ਸ਼੍ਰੀ ਅਕਾਲ ਤਖਤ ਸਾਹਿਬ'

Written by  Published in ਯਾਤਰਾ Wednesday, 31 January 2018 05:39

ਇਹ ਤਖ਼ਤ ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਦੇ ਰੂਪ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੁਭਾਏਮਾਨ ਹੈ, ਜੋ ਸਿੱਖ ਰਾਜਨੀਤਿਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ 1608 ਈ: ਵਿਚ ਸੂਰਤ ਅਤੇ ਸੰਸਥਾ ਦੇ ਰੂਪ ‘ਚ ਸਥਾਪਤ ਕੀਤਾ। ਇਸ ਨੂੰ ਅਕਾਲ ਬੁੰਗਾ ਭਾਵ ਪਰਮਾਤਮਾ ਦਾ ਨਿਵਾਸ ਵੀ ਆਖਦੇ ਹਨ। ਛੇਵੇਂ ਗੁਰੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਗਰੋਂ ਸਿੱਖਾਂ ਨੂੰ ਇਕ ਹੁਕਮਨਾਮਾ ਅਰਥਾਤ ਨਿਰਦੇਸ਼ ਜਾਰੀ ਕੀਤਾ ਕਿ ਉਹ ਧਨ ਦੀ ਬਜਾਇ ਘੋੜੇ ਅਤੇ ਸ਼ਸਤਰ ਭੇਂਟ ਕਰਨ। ਗੁਰੂ ਜੀ ਨੇ ਖੁਦ ਮੀਰ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਇਸ ਅਸਥਾਨ ‘ਤੇ ਬਿਰਾਜਮਾਨ ਹੋ ਕੇ ਆਪ ਜੀ ਆਪਣੇ ਸਿੱਖਾਂ ਦੇ ਫੌਜੀ ਕਰਤੱਬ ਵੇਖਿਆ ਕਰਦੇ ਸਨ ਅਤੇ ਖੁਦ ਵੀ ਹਿੱਸਾ ਲੈਂਦੇ ਸਨ। ਆਪ ਨੇ ਸਿੱਖਾਂ ਦੇ ਦਿਲਾਂ ‘ਚ ਜੁਝਾਰੂ ਭਾਵਨਾ ਭਰਨ ਹਿਤ ਢਾਡੀਆਂ ਕਵੀਸ਼ਰਾਂ ਨੂੰ ਵਾਰਾਂ (ਬਹਾਦਰੀ ਦੇ ਗੀਤ) ਗਾਉਣ ਦਾ ਸੱਦਾ ਦਿੱਤਾ- ਅਬੁਦਲ ਅਤੇ ਨੱਥਾ ਮੁੱਖ ਢਾਡੀ ਸਨ। ਆਪ ਨੇ ਸਿੱਖਾਂ ਨੂੰ ਆਪਣੀਆਂ ਸਮੱਸਿਆਵਾਂ ਸਰਬ ਸੰਮਤੀ ਨਾਲ ਇਥੇ ਇਕੱਠੇ ਹੋ ਕੇ, ਮਿਲ-ਬਹਿ ਕੇ ਨਿਬੇੜਨ ਲਈ ਉਤਸ਼ਾਹਿਤ ਕੀਤਾ। ਕੁਝ ਸਮੇਂ ਮਗਰੋਂ ਇਹ ਅਸਥਾਨ ਸਿੱਖਾਂ ਦੀ ਸਰਉੱਤਮ ਅਦਾਲਤ ਬਣ ਗਿਆ। ਹਕੂਮਤਾਂ ਨਾਲ ਸੰਘਰਸ਼ਾਂ ਦੌਰਾਨ ਸਿੱਖ ਗੁਰਮਤੇ ਦੁਆਰਾ ਅਗਵਾਈ ਅਤੇ ਭਵਿੱਖ ਦੇ ਕਾਰਜਾਂ ਲਈ ਦਿਸ਼ਾ-ਨਿਰਦੇਸ਼ ਲੈਣ ਵਾਸਤੇ ਇਥੇ ਇਕੱਤਰ ਹੋਇਆ ਕਰਦੇ ਸਨ ਅਤੇ ਇਹ ਰੀਤ ਅੱਜ ਵੀ ਜਾਰੀ ਹੈ। ਵੀਹਵੀਂ ਸਦੀ ਦੇ ਦੌਰਾਨ ਜ਼ਿਆਦਾਤਰ ਸ਼ਾਂਤਮਈ ਸੰਘਰਸ਼ ਇਥੇ ਅਰਦਾਸ ਕਰਨ ਮਗਰੋਂ ਸ਼ੁਰੂ ਕੀਤੇ ਗਏ। ਇਥੋਂ ਜਾਰੀ ਹੋਣ ਵਾਲੇ ਹਰੇਕ ਹੁਕਮਨਾਮੇ ਨੂੰ ਸਾਰੀ ਸਿੱਖ ਕੌਮ ਸਤਿਕਾਰ ਨਾਲ ਸਿਰ-ਮੱਥੇ ਮੰਨਦੀ ਹੈ। 18 ਵੀਂ ਸਦੀ ਦੌਰਾਨ ਇਸ ਉੱਪਰ ਮੁਗ਼ਲ ਅਤੇ ਅਫ਼ਗਾਨ ਹਮਲਾਵਰਾਂ ਵੱਲੋਂ ਕਈ ਵਾਰ ਹਮਲੇ ਕੀਤੇ ਗਏ। ਜੂਨ 1984 ਵਿਚ ਭਾਰਤੀ ਫੌਜ ਨੇ ‘ਅਪ੍ਰੇਸ਼ਨ ਬਲਿਊ ਸਟਾਰ’ ਅਧੀਨ ਇਸ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਇਸ ਦੀ ਘੋਰ ਬੇਅਦਬੀ ਕੀਤੀ। ਇਸ ਹਮਲੇ ਵਿਚ ਹਜ਼ਾਰਾਂ ਨਿਰਦੋਸ਼ ਯਾਤਰੂਆਂ ਦੀਆਂ ਜਾਨਾਂ ਗਈਆ। ਪਰ ਹਰ ਵਾਰ ਵਾਂਗ ਜਾਂਬਾਜ਼ ਸਿੱਖਾਂ ਨੇ ਵੀ ਹਮਲਾ ਕਰਨ ਵਾਲਿਆਂ ਦਾ ਜੋਰਦਾਰ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਹੁਣ ਸਿੱਖ ਕੌਮ ਨੇ ਹੋਰ ਵੀ ਵੱਡੇ ਉਤਸ਼ਾਹ ਨਾਲ ਇਸ ਦੀ ਮੁੜ-ਉਸਾਰੀ ਕਰ ਲਈ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਦੂਸਰੇ ਸਿੱਖ ਯੋਧਿਆਂ ਵੱਲੋਂ ਵਰਤਂੋ, ‘ਚ ਲਿਆਂਦੇ ਜਾਣ ਵਾਲੇ ਕਈ ਸ਼ਸਤਰ ਇਥੇ ਸੰਭਾਲੇ ਹੋਏ ਹਨ। ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਮਰਯਾਦਾ ਸੰਪੂਰਨ ਹੋ ਜਾਣ ਦੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਥੇ ਲਿਆਇਆ ਜਾਂਦਾ ਹੈ ਅਤੇ ਸੁਖਾਸਨ ਕਰਵਾਇਆ ਜਾਂਦਾ ਹੈ। ਅਗਲੇ ਦਿਨ ਫਿਰ ਪਾਵਨ ਸਰੂਪ ਇਥੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕਰਨ ਵਾਸਤੇ ਮਰਿਆਦਾ ਅਨੁਸਾਰ ਸੰਗਤਾਂ ਵੱਲੋਂ ਲਿਜਾਇਆ ਜਾਂਦਾ ਹੈ। ਇਥੇ ਹਫਤੇ ਵਿਚ ਦੋ ਵਾਰ (ਐਤਵਾਰ, ਬੁੱਧਵਾਰ) ਅੰਮ੍ਰਿਤ ਸੰਚਾਰ ਵੀ ਹੁੰਦਾ ਹੈ।

Read 452 times