:
You are here: Home

ਸਿੱਧੂ ਦਾ ਵਿਰੋਧ ਕਰਨ ਵਾਲੇ ਸਿੱਖ ਕੌਮ ਦੇ ਨਾਲ ਕਰ ਰਹੇ ਹਨ ਗੱਦਾਰੀ : ਜਥੇ. ਦਾਦੂਵਾਲ

Written by  Published in ਰਾਜਨੀਤੀ Monday, 03 December 2018 05:19

ਜੈਤੋ - ਸਰਬੱਤ ਖ਼ਾਲਸਾ ਜਥੇਦਾਰਾਂ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦਾਣਾ ਮੰਡੀ 'ਚ ਇਨਸਾਫ਼ ਮੋਰਚਾ ਲਗਾਤਾਰ ਜਾਰੀ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਬੇਲੋੜੀ ਅਤੇ ਹੋਸ਼ੀ ਸਿਆਸਤ ਕਰਨ ਵਾਲਿਆਂ ਨੂੰ ਜ਼ਾਬਤੇ 'ਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਉਹ ਕਰ ਵਿਖਾਇਆ ਹੈ, ਜੋ ਸਾਡੇ ਸਿਆਸਤਦਾਨ 1947 ਤੋਂ ਲੈ ਕੇ ਹੁਣ ਤੱਕ ਨਹੀਂ ਕਰ ਸਕੇ। ਜੋ ਲੋਕ ਨਵਜੋਤ ਦਾ ਵਿਰੋਧ ਕਰ ਰਹੇ ਹਨ, ਉਹ ਸਿੱਖ ਕੌਮ ਨਾਲ ਗੱਦਾਰੀ ਕਰ ਰਹੇ ਹਨ। ਦਾਦੂਵਾਲ ਨੇ ਕਿਹਾ ਕਿ ਜਿਹੜੇ ਲੀਡਰ ਤਿੰਨ ਮਹੀਨੇ ਪਹਿਲਾਂ ਸਿੱਧੂ ਨੂੰ ਦੇਸ਼ ਦਾ ਗੱਦਾਰ ਕਹਿ ਰਹੇ ਸਨ, ਉਹੀ ਨੀਂਹ ਪੱਥਰ ਸਮਾਗਮ 'ਚ ਵਹੀਰਾਂ ਘੱਤ ਕੇ ਸ਼ਾਮਲ ਹੋਏ ਸਨ। ਕੇਂਦਰ ਸਰਕਾਰ ਉਪਰੋਕਤ ਲਾਂਘੇ ਦੀ ਕਾਰ ਸੇਵਾ ਸਿੱਖ ਕੌਮ ਨੂੰ ਦੇ ਕੇ ਧੰਨਵਾਦ ਦੀ ਪਾਤਰ ਬਣੇ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸ਼ੁੱਭ ਕਾਰਜ ਨੂੰ ਸਿਰੇ ਚੜ੍ਹਨ ਦੇਈਏ ਐਂਵੇ ਸਿਆਸਤ ਕਰ ਕਰਕੇ ਅੜਿੱਕੇ ਨਾ ਡਾਹੀਏ। ਹਮੇਸ਼ਾ ਦੀ ਤਰ੍ਹਾਂ ਜੱਥੇਦਾਰ ਦਾਦੂਵਾਲ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਜਥੇ. ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਨਸਾਫ਼ ਮੋਰਚਾ ਤਦ ਤੱਕ ਨਿਰੰਤਰ ਜਾਰੀ ਰਹੇਗਾ ਜਦ ਤੱਕ ਬੇਅਦਬੀ, ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਸ਼ੋਕ ਚੁੱਘ ਸ੍ਰੀ ਮੁਕਤਸਰ ਸਾਹਿਰ, ਭਾਈ ਬੂਟਾ ਸਿੰਘ ਰਣਸੀਂਹ ਅਕਾਲੀ ਦਲ 1920, ਭਾਈ ਪਰਮਜੀਤ ਸਿੰਘ ਸਹੋਲੀ, ਬਾਬਾ ਰਾਜਾ ਰਾਜ ਸਿੰਘ ਤਰਨਾਦਲ, ਬਾਬਾ ਮੋਹਨ ਦਾਸ ਬਰਗਾੜੀ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।

Read 96 times