:
You are here: Home

ਸਿੱਖਾਂ ਦਾ ਪਵਿੱਤਰ ਤੀਰਥ ਅਸਥਾਨ, ਸ਼੍ਰੀ ਹੇਮਕੁੰਟ ਸਾਹਿਬ

Written by  Published in ਯਾਤਰਾ Wednesday, 31 January 2018 05:32

ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਬਲੇ ਜਨਮ ਵਿਚ ਜੁੱਗਾਂ-ਜੁਗਾਂਤਰਾਂ ਤਕ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਗੁਰਬਾਣੀ ਦਾ ਜਾਪ ਕਰਦਿਆਂ ਤਪ ਕੀਤਾ। ਇਸ ਪਵਿੱਤਰ ਅਸਥਾਨ ਦੇ ਤਿੰਨ ਪਾਸੇ ਸਪਤ ਸ੍ਰਿੰਗ ਦੀਆਂ ਉੱਚੀਆਂ ਬਰਫਾਨੀ ਪਹਾੜੀਆਂ ਸਥਿਤ ਹਨ, ਜਿਨ੍ਹਾਂ ਉਪਰ ਪਟਿਆਲੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਯਾਤਰਾ ਸ਼ੁਰੂ ਹੋਣ ਸਮੇਂ ਪਹਾੜੀਆਂ ਦੀਆਂ ਟੀਸੀਆਂ ਉਪਰ ਸੱਤ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ। ਗੁਰੂ ਘਰ ਦੇ ਸ਼ਰਧਾਲੂ ਇਸ ਪਵਿੱਤਰ ਅਸਥਾਨ ’ਤੇ ਪਹੁੰਚਣ ਲਈ ਕਠਿਨਾਈ ਵਾਲਾ ਪਹਾੜੀ ਰਸਤਾ ਚੜ੍ਹ ਕੇ ਭਾਵੇਂ ਥਕੇਵੇਂ ਨਾਲ ਚੂਰ ਹੋ ਜਾਂਦੇ ਹਨ, ਪਰ ਸੰਗਤਾਂ ਦੇ ਮਨ ਅੰਦਰਲਾ ਵਿਸ਼ਵਾਸ, ਸ਼ਰਧਾ, ਪ੍ਰੇਮ, ਦ੍ਰਿੜ੍ਹ ਇਰਾਦਾ ਅਤੇ ਮੂੰਹ ਤੋਂ ਸਤਿਨਾਮ ਵਾਹਿਗੁਰੂ ਦੀਆਂ ਉਚਰਿਤ ਧੁਨਾਂ ਉਨ੍ਹਾਂ ਦੇ ਮਨੋਬਲ ਨੂੰ ਬੁਲੰਦ ਰੱਖਦੀਆਂ ਹਨ। ਗੁਰੂ ਦੇ ਦਰਬਾਰ ਸਾਹਿਬ ਨਾਲ ਇਕ ਪਵਿੱਤਰ ਜਲ ਵਾਲਾ ਸਰੋਵਰ ਵੀ ਸ਼ੁਸੋਭਿਤ ਹੈ ਜਿੱਥੇ ਲੱਖਾਂ ਹੀ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ। ਇਸ ਪਵਿੱਤਰ ਅਸਥਾਨ ਦੀ ਸਿੱਖ ਜਗਤ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤੋਂ ਹਰ ਧਰਮ ਅਤੇ ਹਰ ਜਾਤੀ ਦੇ ਲੋਕਾਂ ਦੇ ਮਨਾਂ ਅੰਦਰ ਪੂਰਨ ਸ਼ਰਧਾ ਹੈ ਜੋ ਇਕ ਜੂਨ ਤੋਂ 5 ਅਕਤੂਬਰ ਤਕ ਦਰਬਾਰ ਸਾਹਿਬ ਅੰਦਰ ਨਤਮਸਤਕ ਹੁੰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇ ਲੱਖ ਦੇ ਕਰੀਬ ਸੰਗਤਾਂ ਨੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਿਆਂ ਮੱਥਾ ਟੇਕਿਆ। ਜਿਉਂ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਸਤਾ ਖੁੱਲ੍ਹਦਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਦਸਮੇਸ਼ ਪਿਤਾ ਜੀ ਦੇ ਰੰਗ ਵਿਚ ਰੰਗੀਆਂ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹੋਈਆਂ ਆਉਂਦੀਆਂ ਹਨ। ਜਿੱਥੇ ਗੁਰੂ ਸਾਹਿਬ ਨੇ ਪੂਰਬਲੇ ਜਨਮ ਵਿਚ ਤਪੱਸਿਆ ਕੀਤੀ, ਉਸ ਅਸਥਾਨ ਦੇ ਦਰਸ਼ਨ ਦੀਦਾਰੇ ਅਲੌਕਿਕ ਹਨ। ਇਸ ਤਪ ਅਸਥਾਨ ਦੇ ਦਰਸ਼ਨ ਦੀਦਾਰਿਆਂ ਦਾ ਨਜ਼ਾਰਾ ਮੂੰਹੋਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਇਹ ਇਕ ਅਗੰਮੀ ਅਨੁਭਵ ਹੈ ਜੋ ਸਿਰਫ਼ ਮਹਿਸੂਸ ਕਰਨਯੋਗ ਹੈ। ਜਿਸ ਇਨਸਾਨ ਨੇ ਇਸ ਨੂੰ ਮਾਣਿਆ ਹੈ ਕੇਵਲ ਉਹ ਹੀ ਪ੍ਰਾਣੀ ਸਮਝ ਸਕਦਾ ਹੈ। ਇਹ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤਕ ਦਾ 285 ਕਿਲੋਮੀਟਰ ਦਾ ਪਹਾੜੀ ਰਸਤਾ ਹੈ, ਜੋ ਅਤਿ ਖਤਰਨਾਕ ਹੈ। ਇਸ ਦੇ ਇਕ ਪਾਸੇ ਉੱਚੇ-ਉੱਚੇ ਪਹਾੜ ਤੇ ਦੂਜੇ ਬੰਨੇ ਬੇਹਿਸਾਬ ਡੂੰਘੀ ਨਦੀ ਵਹਿੰਦੀ ਹੈ। ਇਹ ਪੈਂਡਾ ਗੱਡੀਆਂ ਰਾਹੀਂ 10 ਤੋਂ 12 ਘੰਟੇ ਦੇ ਸਮੇਂ ਅੰਦਰ ਤੈਅ ਹੋ ਜਾਂਦਾ ਹੈ, ਜੇਕਰ ਪਹਾੜ ਸੜਕਾਂ ’ਤੇ ਨਾ ਡਿੱਗੇ ਹੋਣ। ਅੱਜ ਤੋਂ ਕਈ ਸਾਲ ਪਹਿਲਾਂ ਸੜਕਾਂ ਉਪਰ ਡਿੱਗੇ ਪਹਾੜਾਂ ਨੂੰ ਯਾਤਰਾ ਕਰਨ ਜਾ ਰਹੀਆਂ ਸੰਗਤਾਂ ਵੱਲੋਂ ਖੁਦ ਹੀ ਚੁੱਕ ਕੇ ਆਪ ਰਸਤਾ ਖੋਲ੍ਹਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਉੱਤਰਾਖੰਡ ਸਰਕਾਰ ਵੱਲੋਂ ਸੜਕਾਂ ਨੂੰ ਸਾਫ ਕਰਨ ਲਈ ਥਾਂ-ਥਾਂ ’ਤੇ ਕਰੇਨਾਂ ਬੁਲਡੋਜ਼ਰਾਂ ਨੂੰ ਖੜਾ ਕੀਤਾ ਗਿਆ ਸੀ, ਜੋ ਘੰਟਿਆਂਬੱਧੀ ਹੋਣ ਵਾਲੇ ਕੰਮ ਨੂੰ ਮਿੰਟਾਂ ਵਿਚ ਕਰ ਦਿੰਦੇ ਹਨ, ਜਿਸ ਕਾਰਨ ਇਸ ਵਾਰ ਦਰਬਾਰ ਸਾਹਿਬ ਸ੍ਰੀ ਹੇਮਕੁੰਟ ਸਾਹਿਬ, ਬਦਰੀ ਨਾਥ ਜਾਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ। ਗੁਰੂ ਦੇ ਪਿਆਰੇ ਰਿਸ਼ੀਕੇਸ਼ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਨਗਰ, ਦਮਦਮਾ ਸਾਹਿਬ ਨਗਰਾਸ, ਜੋਸ਼ੀ ਮੱਠ ਹੁੰਦੇ ਹੋਏ ਗੋਬਿੰਦ ਘਾਟ ਪਹੁੰਚ ਕੇ ਵਿਸ਼ਰਾਮ ਕਰਦੇ ਹਨ, ਜਿੱਥੇ ਯਾਤਰੀਆਂ ਦੀ ਰਿਹਾਇਸ਼ ਦੇ ਪ੍ਰਬੰਧ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਕੀਤੇ ਗਏ ਹਨ, ਉੱਥੇ ਸੰਗਤ ਲਈ ਕਮਰੇ, ਕੰਬਲ, ਦਰੀਆਂ, ਮਰੀਜ਼ਾਂ ਲਈ ਮੁਫਤ ਦਵਾਈਆਂ ਅਤੇ ਲੰਗਰ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ। ਗੋਬਿੰਦ ਘਾਟ ਤੋਂ ਆਰਾਮ ਕਰਕੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ 13 ਕਿਲੋਮੀਟਰ ਦਾ ਲੰਬਾ ਪਹਾੜੀ ਰਸਤਾ ਤੈਅ ਕਰਨ ਲਈ ਸਵੇਰੇ ਯਾਤਰਾ ਸ਼ੁਰੂ ਕਰਦੀ ਹੈ। ਉੱਬੜ-ਖੁੱਬੜ ਰਸਤੇ ਨੂੰ ਰੱਬ ਦੇ ਪਿਆਰੇ ‘‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਨਿਬੇੜਦੇ ਹਨ। ਇੱਥੇ ਬਹੁਤੇ ਸ਼ਰਧਾਲੂ ਪੈਦਲ, ਖੱਚਰਾਂ, ਪਿੱਠੂ, ਪਾਲਕੀ, ਕਾਡੀ ਰਾਹੀਂ ਆਪਣਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਗੋਬਿੰਦ ਧਾਮ ਪਹੁੰਚਦੇ ਹਨ, ਪਰ ਇਸ ਵਾਰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਕ ਦੇ ਸਫ਼ਰ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਵੀ ਉਪਲਬਧ ਸਨ, ਪਰ ਇਨ੍ਹਾਂ ਸੇਵਾਵਾਂ ਦਾ ਫਾਇਦਾ ਅਮੀਰ ਲੋਕ ਹੀ ਲੈ ਸਕਦੇ ਹਨ ਕਿਉਂਕਿ ਇਕ ਪਾਸੇ ਦਾ ਕਿਰਾਇਆ 3500 ਰੁਪਏ ਪ੍ਰਤੀ ਸਵਾਰੀ ਬਣਦਾ ਹੈ। ਗੋਬਿੰਦ ਧਾਮ ਵਿਖੇ ਸੰਗਤਾਂ ਰਾਤ ਭਰ ਵਿਸ਼ਰਾਮ ਕਰਕੇ ਦੂਸਰੇ ਦਿਨ ਸ੍ਰੀ ਹੇਮਕੁੰਟ ਸਾਹਿਬ ਨੂੰ ਰਵਾਨਾ ਹੁੰਦੀਆਂ ਹਨ। ਛੇ ਕਿਲੋਮੀਟਰ ਦੀ ਸਿੱਧੀ ਚੜ੍ਹਾਈ ਨੂੰ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਕਰੀਬ 4 ਘੰਟੇ ਤੋਂ ਲੈ ਕੇ 6 ਘੰਟਿਆਂ ਦੇ ਅੰਦਰ ਤੈਅ ਕਰਦੀਆਂ ਹੋਈਆਂ ਪਵਿੱਤਰ ਅਸਥਾਨ ਸ੍ਰੀ ਹੇਮੁਕੰਟ ਸਾਹਿਬ ਪਹੁੰਚ ਜਾਂਦੀਆਂ ਹਨ ਜਿੱਥੇ ਸਭ ਤੋਂ ਪਹਿਲਾਂ ਰਮਣੀਕ ਪਹਾੜੀਆਂ ਦੇ ਵਿਚਕਾਰ ਸੁਸ਼ੋਭਿਤ ਪਵਿੱਤਰ ਸਰੋਵਰ, ਜਿਸ ਦਾ ਬਰਫੀਲਾ ਜਲ ਬਹੁਤ ਹੀ ਠੰਢਾ ਹੁੰਦਾ ਹੈ, ਵਿਚ ਸੰਗਤਾਂ ਇਸ਼ਨਾਨ ਕਰਕੇ ਆਪਣੇ ਆਪ ਨੂੰ ਵੱਡਭਾਗੀਆਂ ਸਮਝਦੀਆਂ ਹਨ। ਇਸ ਤੋਂ ਬਾਅਦ ਸੰਗਤਾਂ ਲੰਗਰ ਵਿਚ ਜਾ ਕੇ ਗਰਮ ਚਾਹ ਤੇ ਖਿਚੜੀ ਛਕਦੀਆਂ ਹਨ, ਉਪਰੰਤ ਦਰਬਾਰ ਸਾਹਿਬ ਅੰਦਰ ਫੁੱਲਾਂ ਨਾਲ ਸਜੀ ਪਾਲਕੀ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ, ਸਿਰ ਨਿਵਾ ਕੇ ਅਰਦਾਸਾਂ, ਜੋਦੜੀਆਂ, ਬੇਨਤੀਆਂ ਕਰਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਵੱਖ-ਵੱਖ ਸਮੇਂ 4 ਵਾਰ ਅਰਦਾਸ ਹੁੰਦੀ ਹੈ। ਸੰਗਤਾਂ ਅਰਦਾਸ ਵਿਚ ਸ਼ਾਮਲ ਹੋ ਕੇ ਗੁਰੂ ਚਰਨਾਂ ਵਿਚ ਮੱਥਾ ਟੇਕ ਕੇ ਅਤੇ ਪ੍ਰਸ਼ਾਦਿ ਲੈ ਕੇ ਵਾਪਸ ਮੁੜਨ ਦੀ ਯਾਤਰਾ ਸ਼ੁਰੂ ਕਰਦੀਆਂ ਹਨ। ਪ੍ਰੰਤੂ ਇਸ ਵਾਰ ਗੁਰੂ ਦੀ ਸੰਗਤ ਨੂੰ ਹਰ ਵਰ੍ਹੇ ਆਉਣ ਵਾਲੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਸਨ। ਮੱਥਾ ਟੇਕਣ ਉਪਰੰਤ ਸ਼ਰਧਾਲੂ ਗੁਰਦੁਆਰਾ ਗੋਬਿਦ ਧਾਮ ਹੁੰਦੇ ਹੋਏ ਗੋਬਿੰਦ ਘਾਟ ਪੁੱਜ ਕੇ ਪਿੰਨੀ ਪ੍ਰਸਾਦਿ ਪ੍ਰਾਪਤ ਕਰਦੇ ਹਨ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹੋਈ ਸੰਗਤ ਆਪਣੀਆਂ ਗੱਡੀਆਂ ਮੋਟਰਾਂ ਰਾਹੀਂ ਆਪੋ-ਆਪਣੇ ਘਰਾਂ ਨੂੰ ਰਵਾਨਾ ਹੁੰਦੀ ਹੈ।

Read 481 times