ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਕੱਢੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਅੱਜ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਨਵੇਂ ਅਕਾਲੀ ਦਲ ਦਾ ਐਲਾਨ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ ਦੇ ਢਾਂਚੇ ਸੰਬੰਧੀ ਰਣਨੀਤੀ ਤਿਆਰ ਕਰਨ ਦੀ ਗੱਲ ਆਖੀ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ। ਉਹਨਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਬੋਲਦਿਆਂ ਆਪਣੇ ਹਮਖਿਆਲੀਆਂ ਨੂੰ ਨਵੇਂ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਆਉਂਦੀ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ ਪਾਰਟੀ ਦਾ ਰਸਮੀ ਐਲਾਨ ਤੇ ਉਪ-ਨਾਂਅ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਕਾਲੀ ਦਲ ਬਹੁਤ ਸ਼ਕਤੀਸ਼ਾਲੀ ਹੋਵੇਗਾ ਤੇ 1920 ਵਿੱਚ ਬਣੇ ਅਕਾਲੀ ਦਲ ਦੇ ਸੰਵਿਧਾਨ ਤੋਂ ਪ੍ਰੇਰਨਾ ਲੈ ਕੇ ਪਾਰਟੀ ਨੂੰ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਸੀ, ਜਿਸ ਦੀ ਮੁੜ ਬਹਾਲੀ ਲਈ ਕੋਸ਼ਿਸ਼ਾਂ ਹੋਣਗੀਆਂ ਤੇ 14 ਦਸੰਬਰ ਨੂੰ ਪਾਰਟੀ ਦੇ ਨਾਂਅ ਸਮੇਤ ਕਈ ਵੱਡੇ ਐਲਾਨ ਹੋਣਗੇ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਅਕਾਲੀ ਆਗੂਆਂ ਨੂੰ ਵੀ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸਾਨੂੰ 2-4 ਦਿਨ ਦਾ ਸਮਾਂ ਦਿਓ, ਇਸ ਬਾਰੇ ਸਾਰੀ ਜਾਣਕਾਰੀ ਸਾਹਮਣੇ ਰੱਖੀ ਜਾਵੇਗੀ। ਇਹਨਾਂ ਟਕਸਾਲੀ ਅਕਾਲੀ ਆਗੂਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀਆਂ ਬੇਵਕੂਫੀਆਂ ਕਰਕੇ ਅਕਾਲੀ ਦਲ ਦਾ ਬੇੜਾ ਗਰਕ ਹੋਇਆ ਹੈ। ਸ੍ਰੀ ਬ੍ਰਹਮਪੁਰਾ ਨੇ ਮੁੜ ਤੋਂ ਇਕੱਠੇ ਹੋਣ ਦੀਆਂ ਸੰਭਾਵਨਾਵਾਂ 'ਤੇ ਵਿਸ਼ਰਾਮ ਚਿੰਨ੍ਹ ਲਾਉਂਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਤਾਂ ਵੀ ਉਨ੍ਹਾ ਮੰਨਣਾ ਨਹੀਂ ਸੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਹੋਇਆ ਹੈਸ਼ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਮੁਆਫੀ ਦਿੱਤੀ ਗਈ, ਉਸ ਕਾਰਨ ਸਿੱਖਾਂ ਵਿੱਚ ਭਾਰੀ ਗੁੱਸਾ ਹੈ। ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਬਰਗਾੜੀ ਵਿੱਚ ਸਿੱਖਾਂ ਉਤੇ ਗੋਲੀ ਚਲਾਈ ਗਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਗਈਆਂ। ਉਨ੍ਹਾ ਕਿਹਾ ਕਿ ਬੈਂਸ ਭਰਾਵਾਂ, ਸੁਖਪਾਲ ਸਿੰਘ ਖਹਿਰਾ ਸਮੇਤ ਹੋਰ ਵੀ ਜਥੇਬੰਦੀਆਂ ਦੇ ਘਰ-ਘਰ ਜਾਵਾਂਗੇ ਤੇ ਸੱਦਾ ਦੇਵਾਂਗੇ ਕਿ ਇਕ ਝੰਡੇ ਥੱਲੇ ਇਕੱਠੇ ਹੋ ਕੇ ਨਵਾਂ ਅਕਾਲੀ ਦਲ ਬਣਾਈਏ। ਉਨ੍ਹਾ ਕਿਹਾ ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ, ਜੋ ਸਾਡੀ ਪਾਰਟੀ ਦੇ ਸੰਵਿਧਾਨ ਮੁਤਾਬਕ ਚੱਲਣ ਵਾਲੇ ਹੋਣਗੇ, ਹਰ ਪਾਰਟੀ ਤੇ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਅਸੀਂ ਬਰਗਾੜੀ ਮੋਰਚੇ ਵਿੱਚ ਨਹੀਂ ਜਾਵਾਂਗੇ, ਪਰ ਉਨ੍ਹਾਂ ਦੇ ਕਾਰਜ ਦਾ ਸਮਰਥਨ ਕਰਦੇ ਹਾਂ। ਬਰਗਾੜੀ ਮੋਰਚੇ ਬਾਰੇ ਇੱਕ ਵਾਰੀ ਫਿਰ ਉਹਨਾ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਮੋਰਚੇ ਦੇ ਕਾਜ਼ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਹਲਣ ਦੇ ਕੀਤੇ ਉਪਰਾਲੇ ਦਾ ਨਾਇਕ ਦੱਸਦਿਆਂ ਉਹਨਾਂ ਕਿਹਾ ਕਿ ਜਿਹੜੇ ਲੋਕ ਹੁਣ ਦਾਅਵੇ ਕਰ ਰਹੇ ਹਨ ਕਿ ਉਹਨਾਂ ਬਹੁਤ ਪਹਿਲਾਂ ਮੰਗ ਕੀਤੀ ਸੀ, ਉਹਨਾਂ ਨੂੰ ਆਪਣੇ ਮੂੰਹ ਬੰਦ ਰੱਖਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬਂੈਸ ਦੀ ਲੋਕ ਇਨਸਾਫ ਪਾਰਟੀ ਤੋਂ ਇਲਾਵਾ ਹੋਰ ਕਈ ਪਾਰਟੀਆਂ ਨੇ ਆਗੂ ਉਹਨਾਂ ਨੇ ਸੰਪਰਕ ਵਿੱਚ ਹਨ ਅਤੇ ਖਾਸ ਕਰਕੇ ਅਕਾਲੀ ਦਲ ਦੀ ਦੂਸਰੀ ਤੇ ਤੀਸਰੀ ਕਤਾਰ ਦੇ ਆਗੂ ਵੀ ਉਹਨਾਂ ਦੇ ਸੰਪਰਕ ਵਿੱਚ ਹਨ। ਉਹਨਾਂ ਕਿਹਾ ਕਿ ਸੰਵਿਧਾਨ ਪੁਰਾਣੇ ਅਕਾਲੀ ਦਲ ਵਾਲਾ ਹੀ ਹੋਵੇਗਾ ਤੇ ਉਸ ਵਿੱਚ ਜੇਕਰ ਲੋੜ ਪਈ ਤਾਂ ਮੌਜੂਦਾ ਸੰਦਰਭ ਵਿੱਚ ਤਬਦੀਲੀ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਜਿਹੜਾ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੈ, ਉਹਨਾਂ ਨਾਲ ਜੁੜਣਾ ਚਾਹੇ ਤਾਂ ਜੁੜ ਸਕਦਾ ਹੈ। ਭਾਰਤੀ ਸੰਵਿਧਾਨ ਨੂੰ ਮੰਨਣ ਵਾਲੇ ਹਰ ਧਰਮ ਤੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਗਲਤ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 14 ਦਸੰਬਰ ਨੂੰ ਅਕਾਲੀ ਦਲ ਦਾ 98 ਵਾਂ ਸਥਾਪਨਾ ਦਿਵਸ ਹੈ ਤੇ ਉਸ ਦਿਨ ਹੀ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਜਾਵੇਗਾ। ਇਸ ਅਕਾਲੀ ਦਲ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਨਾਲ ਹੋਰ ਕਿਹੜਾ ਸ਼ਬਦ ਜੋੜਣਾ ਹੈ, ਉਸ ਦਿਨ ਹੀ ਦੱਸਿਆ ਜਾਵੇਗਾ। ਵਰਨਣਯੋਗ ਹੈ ਕਿ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਨਵੀਂ ਪਾਰਟੀ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਰੱਖਣ ਦੀ ਗੱਲ ਚੱਲੀ ਸੀਸ ਪਰ ਇਸ ਨਾਂਅ 'ਤੇ ਸਾਰਿਆਂ ਦੀ ਹਾਲੇ ਤੱਕ ਸਹਿਮਤੀ ਨਹੀਂ ਬਣੀ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲ ਤੇ ਮਜੀਠੀਆ ਨੇ ਅਕਾਲੀ ਦਲ ਬਾਦਲ ਦਾ ਇੰਤਕਾਲ ਕਰਵਾ ਕੇ ਇਸ ਨੂੰ ਜੇਬ ਦਾ ਅਕਾਲੀ ਦਲ ਬਣਾ ਦਿੱਤਾ, ਜਿਸ ਕਰਕੇ ਇਸ ਨੂੰ ਅਕਾਲੀ ਦਲ ਨਹੀਂ ਹੁਣ ਜੀਜਾ-ਸਾਲਾ ਪ੍ਰਾਈਵੇਟ ਲਿਮਟਿਡ ਕੰਪਨੀ ਹੀ ਕਿਹਾ ਜਾ ਸਕਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਮਨਮਹੋਨ ਸਿੰਘ ਸਠਿਆਲਾ ਵੀ ਮੌਜੂਦ ਸਨ।