:
You are here: Home

ਸੱਚਮੁੱਚ ਕੇਜਰੀਵਾਲ ਆਈ. ਆਈ. ਟੀ. ਗ੍ਰੈਜੂਏਟ ਹਨ?: ਅਮਰਿੰਦਰ Featured

Written by  Published in Politics Monday, 05 November 2018 05:05

ਜਲੰਧਰ/ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੌਮੀ ਰਾਜਧਾਨੀ ਦਿੱਲੀ ਵਿਚ ਉਚ ਪੱਧਰ ਦੇ ਪ੍ਰਦੂਸ਼ਣ ਲਈ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਕਰਾਰ ਦੇਣ ਦੇ ਗੈਰ-ਜ਼ਿੰਮੇਵਾਰਾਨਾ ਦਾਅਵੇ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕੇਜਰੀਵਾਲ ਨੂੰ ਕਿਹਾ ਕਿ ਉਹ ਕੁਝ ਵੀ ਕਹਿਣ ਤੋਂ ਪਹਿਲਾਂ ਤੱਥਾਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਲਿਆ ਕਰਨ। ਉਨ੍ਹਾਂ ਨੂੰ ਸਿਆਸੀ ਤਿਕੜਮਬਾਜ਼ੀ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਐਤਵਾਰ ਇਕ ਬਿਆਨ ਵਿਚ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਪੰਜਾਬ 'ਤੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕੇਜਰੀਵਾਲ ਵਲੋਂ ਪੰਜਾਬ ਵਿਚ ਪਰਾਲੀ ਸਾੜੇ ਜਾਣ ਦੀਆਂ ਸੈਟਾਲਾਈਟ ਤਸਵੀਰਾਂ ਨੂੰ ਆਧਾਰ ਅਤੇ ਸਬੂਤ ਬਣਾਉਣ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕੀ ਕੇਜਰੀਵਾਲ ਸੱਚਮੁੱਚ ਆਈ. ਆਈ. ਟੀ. ਦੇ ਗ੍ਰੈਜੂਏਟ ਹਨ? ਕੇਜਰੀਵਾਲ ਨਾਲੋਂ ਤਾਂ ਵਧੀਆ ਜਾਣਕਾਰੀ ਇਕ ਸਕੂਲੀ ਬੱਚਾ ਦੇ ਸਕਦਾ ਹੈ। ਕੇਜਰੀਵਾਲ ਨੂੰ ਸੈਟੇਲਾਈਟ ਤਸਵੀਰਾਂ ਦੀ ਥਾਂ ਅੰਕੜਿਆਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣਾ ਚਾਹੀਦਾ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰਦੂਸ਼ਣ ਬਾਰੇ ਸਹੀ ਤਸਵੀਰ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਲੋਕ ਸਭਾ ਦੀਆਂ ਚੋਣਾਂ ਦੌਰਾਨ ਹੀ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕ ਉਨ੍ਹਾਂ ਅਤੇ ਆਮ ਆਦਮੀ ਪਾਰਟੀ ਪ੍ਰਤੀ ਕੀ ਰਾਏ ਰੱਖਦੇ ਹਨ। ਕੈਪਟਨ ਨੇ ਕਿਹਾ ਕਿ ਦਿੱਲੀ ਵਿਚ ਏਅਰ ਕੁਆਲਿਟੀ ਇੰਡੈਕਸ ਹਰ ਸਾਲ ਦਸੰਬਰ ਤੇ ਜਨਵਰੀ ਵਿਚ 300 ਤੋਂ ਵੱਧ ਰਹਿੰਦਾ ਹੈ। ਇਨ੍ਹਾਂ ਦੋਵਾਂ ਮਹੀਨਿਆਂ ਵਿਚ ਗੁਆਂਢੀ ਸੂਬਿਆਂ ਵਿਚ ਕੋਈ ਪਰਾਲੀ ਨਹੀਂ ਸਾੜੀ ਜਾਂਦੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਸਥਾਨਕ ਹੈ ਅਤੇ ਉਥੇ ਹੀ ਪੈਦਾ ਹੋ ਰਿਹਾ ਹੈ। ਜੇ ਪਰਾਲੀ ਨੂੰ ਸਾੜੇ ਜਾਣ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੀ ਮਾਤਰਾ ਵਧਦੀ ਤਾਂ ਪੰਜਾਬ ਦੇ ਸ਼ਹਿਰਾਂ 'ਤੇ ਵੀ ਇਸ ਦਾ ਅਸਰ ਹੋਣਾ ਸੀ ਜਦ ਕਿ ਇਥੋਂ ਦੇ ਸ਼ਹਿਰਾਂ ਵਿਚ ਵਾਤਾਵਰਨ ਸਾਫ ਹੈ ਅਤੇ ਵਿਜੀਬਿਲਟੀ ਵੀ ਬਹੁਤ ਵਧੀਆ ਹੈ। ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਘਟ ਕੇ 25394 ਰਹੀਆਂ: ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹਨ। ਪਿਛਲੇ ਸਾਲ 3 ਨਵੰਬਰ ਤਕ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ 30832 ਸਨ ਜਦ ਕਿ ਇਸ ਸਾਲ 3 ਨਵੰਬਰ ਤਕ ਇਹ 25394 'ਤੇ ਆ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਵਿਚ ਜਾਗ੍ਰਿਤੀ ਆ ਰਹੀ ਹੈ। ਪ੍ਰਤੀ ਲੱਖ ਏਕੜ ਪਿੱਛੋਂ ਅੱਗ ਲੱਗਣ ਦੀਆਂ ਘਟਨਾਵਾਂ 390 ਰਹੀਆਂ ਜੋ ਘੱਟ ਹਨ। 98 ਫੀਸਦੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਮਨਾ ਲਿਆ ਗਿਆ ਹੈ।

Read 167 times