:
You are here: Home

ਨਕਲੀ ਦੇਸੀ ਘਿਓ, ਪਨੀਰ ਤੇ ਹੋਰ ਖਾਧ-ਪਦਾਰਥ ਬਣਾਉਣ ਵਾਲੇ 4 ਵਿਅਕਤੀ ਗ੍ਰਿਫ਼ਤਾਰ Featured

Written by  Published in Politics Wednesday, 31 October 2018 07:42

ਫ਼ਰੀਦਕੋਟ - ਨਕਲੀ ਦੇਸੀ ਘਿਓ, ਪਨੀਰ ਆਦਿ ਬਣਾ ਕੇ ਵੱਖ-ਵੱਖ ਸੂਬਿਆਂ 'ਚ ਸਪਲਾਈ ਕਰਨ ਵਾਲੇ 4 ਕਥਿਤ ਦੋਸ਼ੀਆਂ ਨੂੰ ਪੁਲਸ ਵਲੋਂ ਭਾਰੀ ਮਾਤਰਾ 'ਚ ਨਕਲੀ ਦੇਸੀ ਘਿਓ ਸਣੇ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧ 'ਚ ਕੀਤੀ ਪ੍ਰੈੱਸ ਕਾਨਫੰਰਸ ਦੌਰਾਨ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਮੈਨੇਜਰ ਨਰਾਇਣ ਐਗਰੋ ਫੂਡ ਲਿਮਟਿਡ ਕੋਟਕਪੂਰਾ, ਵਿਸ਼ਾਲ ਗੋਇਲ ਪੁੱਤਰ ਸੁਭਾਸ਼ ਗੋਇਲ ਮਾਲਕ ਨਰਾਇਣ ਐਗਰੋ ਫ਼ੂਡ ਲਿਮਟਿਡ, ਵਿਜੈ ਕੁਮਾਰ ਪੁੱਤਰ ਟੇਕ ਚੰਦ ਅਤੇ ਕੁਲਵੰਤ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਦੋਸ਼ੀਆਂ ਦੇ ਟਿਕਾਣਿਆਂ ਤੋਂ ਤਿਆਰ ਕੀਤਾ ਗਿਆ 50 ਟਨ ਨਕਲੀ ਰਿਫ਼ਾਈਂਡ, 20 ਡਰੰਮ ਫੈਟੀ ਕੈਮੀਕਲ ਐਸਿਡ, 15 ਟਨ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ। ਪੁਲਸ ਕਪਤਾਨ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦਿਆਂ ਨਕਲੀ ਖਾਧ-ਪਦਾਰਥ ਤਿਆਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਆਪਸ 'ਚ ਤਾਲ-ਮੇਲ ਕਰਕੇ ਆਪਣੇ ਗੋਦਾਮ ਕੋਟਕਪੂਰਾ, ਰਾਮਪੁਰਾ, ਜਾਖਲ, ਦਿੱਲੀ ਅਤੇ ਲਹਿਰਾਗਾਗਾ ਵਿਖੇ ਭਾਰੀ ਮਾਤਰਾ 'ਚ ਪਾਊਡਰ ਅਤੇ ਕੈਮੀਕਲਜ਼ ਦੀ ਵਰਤੋਂ ਕਰਕੇ ਨਕਲੀ ਦੇਸੀ ਘਿਓ ਆਦਿ ਬਣਾਉਂਦੇ ਹਨ। ਇਸ ਸੂਚਨਾ 'ਤੇ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕੇ ਸੇਵਾ ਸਿੰਘ ਮੱਲ੍ਹੀ ਕਪਤਾਨ ਪੁਲਸ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਪਾਰਟੀਆਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਿਹਤ ਵਿਭਾਗ ਦੀ ਟੀਮ ਵਲੋਂ ਉਕਤ ਗੋਦਾਮਾਂ 'ਚ ਨਕਲੀ ਖਾਧ-ਪਦਾਰਥਾਂ ਦੀ ਸੈਂਪਲਿੰਗ ਕੀਤੀ ਗਈ ਤਾਂ ਪਤਾ ਲਗਾ ਕਿ ਉਕਤ ਦੋਸ਼ੀ ਨਕਲੀ ਦੇਸੀ ਘਿਓ ਤਿਆਰ ਕਰਕੇ ਉਸ 'ਤੇ 'ਸ਼ਕਤੀ ਦੇਸੀ ਘਿਓ' ਦਾ ਲੇਬਲ ਲਾ ਕੇ ਵੇਚਦੇ ਆ ਰਹੇ ਹਨ। ਉਹ ਇਸ ਘਿਓ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ਸਟੇਟਾਂ 'ਚ ਸਪਲਾਈ ਕਰ ਰਹੇ ਹਨ।

Read 196 times