:
You are here: Home

ਟਿਵਾਨਾ ਕਲਾਂ 'ਚ ਨਸ਼ੇ ਸਬੰਧੀ ਉੱਠੇ ਬਵਾਲ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਨੇ ਕੀਤਾ ਦੌਰਾ Featured

Written by  Published in Politics Thursday, 06 February 2020 07:49

ਜਲਾਲਾਬਾਦ, 05 ਫਰਵਰੀ (ਵੇਦ ਭਠੇਜਾ,ਹਨੀ,ਬਲਵਿੰਦਰ) ਪਿੰਡ ਟਿਵਾਨਾ 'ਚ ਮੰਗਲਵਾਰ ਨੂੰ ਨਸ਼ਾ ਵੇਚਣ ਵਾਲਿਆਂ ਖਿਲਾਫ ਲੱਗੇ ਰੋਸ ਧਰਨੇ ਤੋਂ ਬਾਅਦ ਉਥੋਂ ਦੀ ਸਥਿੱਤੀ ਨੂੰ ਜਾਨਣ ਲਈ ਵਿਧਾਇਕ ਆਵਲਾ ਨੇ ਬੁੱਧਵਾਰ ਨੂੰ ਪਿੰਡ ਟਿਵਾਨਾ 'ਚ ਬਸ਼ਿੰਦਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਡੀਐਸਪੀ ਜਸਪਾਲ ਸਿੰਘ, ਰੰਜਮ ਕਾਮਰਾ, ਕਾਕਾ ਕੰਬੋਜ, ਦਵਿੰਦਰ ਕੁੱਕੜ, ਰੋਸ਼ਨ ਲਾਲ ਚੁੱਚਰਾ ਮੌਜੂਦ ਸਨ। ਇਥੇ ਸਰਪੰਚ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਵਿਧਾਇਕ ਰਮਿੰਦਰ ਆਵਲਾ ਨੂੰ ਜਾਣਕਾਰੀ ਦਿੱਤੀ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਪਿੰਡ 'ਚ ਕੁੱਝ ਲੋਕਾਂ ਵਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਜਦੋਂ ਉਨ੍ਹਾਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਬਲਕਿ ਜੋ ਆਰਜੀ ਚੌਂਕੀ ਇਥੇ ਬਣਾਈ ਗਈ ਸੀ ਉਥੇ ਤੈਨਾਤ ਕਰਮਚਾਰੀਆਂ ਦਾ ਡਰ ਵੀ ਨਸ਼ਾ ਤਸਕਰਾਂ ਨੂੰ ਬਿਲਕੁਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਹੀ ਉਨ੍ਹਾਂ ਨੇ ਇਥੇ ਧਰਨਾ ਦਿੱਤਾ ਸੀ ਤਾਂਕਿ ਨਸ਼ਾ ਤਸਕਰਾਂ ਖਿਲਾਫ ਠੋਸ ਕਾਰਵਾਈ ਹੋ ਸਕੇ। ਉਧਰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤੇ ਠੱਲ ਪਾਉਣ ਲਈ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਵੀ ਉਪ ਚੋਣਾਂ 'ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚਿੱਟੇ ਨੂੰ ਸਮਾਪਤ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਕਰਮਚਾਰੀ ਨਸ਼ਾ ਤਸਕਰਾਂ ਦਾ ਸਾਥ ਦਿੰਦਾ ਹੈ ਜਾਂ ਨਸ਼ਾ ਤਸਕਰਾਂ ਨੂੰ ਫੜ੍ਹਣ ਵਿੱਚ ਢਿੱਲ ਵਰਤਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕਰਵਾਈ ਜਾਵੇਗੀ।

Read 82 times