:
You are here: Home

ਮੋਦੀ ਦੇ ਵਿਸ਼ੇਸ਼ ਜਹਾਜ਼ ਲਈ ਹਵਾਈ ਲਾਂਘਾ ਨਾ ਦੇਣ 'ਤੇ ਭਾਰਤ ਨੇ ਪਾਕਿ ਨੂੰ ਕੌਮਾਂਤਰੀ ਸੰਸਥਾ 'ਚ ਘੜੀਸਿਆ Featured

Written by  Published in ਰਾਜਨੀਤੀ Monday, 28 October 2019 04:41

ਨਵੀਂ ਦਿੱਲੀ, 28 ਅਕਤੂਬਰ, 2019 : ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਜਹਾਜ਼ ਲਈ ਆਪਣੇ ਹਵਾਈ ਲਾਂਘੇ ਦੀ ਵਰਤੋਂ ਦੀ ਪ੍ਰਵਾਨਗੀ ਨਾ ਦੇਣ ਦਾ ਮਾਮਲਾ ਭਾਰਤ ਨੇ ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ਆਈ ਸੀ ਏ ਓ) ਵਿਚ ਉਠਾਇਆ ਹੈ। ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਵੱਖ ਵੱਖ ਮੁਲਕਾਂ ਵੱਲੋਂ ਆਈ ਸੀ ਏ ਓ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੀ ਹਵਾਈ ਲਾਂਘੇ ਦੀ ਪ੍ਰਵਾਨਗੀ ਮੰਗੀ ਤੇ ਦਿੱਤੀ ਜਾਂਦੀ ਹੈ ਅਤੇ ਭਾਰਤ ਹਵਾਈ ਲਾਂਘਾ ਮੰਗਦਾ ਰਹੇਗਾ। ਸੂਤਰਾਂ ਮੁਤਾਬਕ ਭਾਰਤ ਨੇ ਲਾਂਘਾ ਨਾ ਦੇਣ ਦਾ ਮਾਮਲਾ ਇਸ ਸੰਸਥਾ ਵਿਚ ਉਠਾਇਆ ਹੈ। ਸੂਤਰਾਂ ਨੇ ਆਖਿਆ ਕਿ ਪਾਕਿਸਤਾਨ ਨੂੰ ਇਹ ਸਥਾਪਿਤ ਕੌਮਾਂਤਰੀ ਰਵਾਇਤਾਂ ਤੋਂ ਪਾਸੇ ਹਟਣ ਦੇ ਆਪਣੇ ਫੈਸਲੇ 'ਤੇ ਝਾਤ ਮਾਰਨੀ ਚਾਹੀਦੀ ਹੈ ਤੇ ਇਸ ਵੱਲੋਂ ਇਕਪਾਸੜ ਫੈਸਲੇ ਲੈਣ ਦੇ ਕਾਰਨਾਂ ਲਈ ਬੇਫਜ਼ੂਲ ਗੱਲਾਂ ਕਰਨ ਦੀ ਪੁਰਾਣੀ ਆਦਤ ਛੱਡਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨ ਸਰਕਾਰ ਵੱਲੋਂ ਵੀ ਵੀ ਆਈ ਪੀ ਵਿਸ਼ੇਸ਼ ਜਹਾਜ਼ਾਂ ਲਈ ਲਾਂਘਾ ਨਾ ਦੇਣ 'ਤੇ ਅਫਸੋਸ ਜ਼ਾਹਰ ਕੀਤਾ ਹੈ। ਕਿਸੇ ਵੀ ਮੁਲਕ ਵੱਲੋਂ ਹਵਾਈ ਲਾਂਘੇ ਦੀ ਵਰਤੋਂ ਦੀ ਪ੍ਰਵਾਨਗੀ ਆਮ ਤੌਰ 'ਤੇ ਦੇ ਹੀ ਦਿੱਤੀ ਜਾਂਦੀ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਕੌਮਾਂਤਰੀ ਸੰਸਥਾ ਵਿਚ ਘੜੀਸਣ ਦਾ ਫੈਸਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਉਹਨਾਂ ਬਿਆਨਾਂ ਤੋਂ ਬਾਅਦ ਆਇਆ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਅਸੀਂ ਨਵੀਂ ਦਿੱਲੀ ਵੱਲੋਂ ਮੋਦੀ ਦੇ ਸਾਊਦੀ ਅਰਬ ਜਾਣ ਵਾਸਤੇ ਹਵਾਈ ਲਾਂਘੇ ਦੀ ਵਰਤੋਂ ਦੀ ਬੇਨਤੀ ਰੱਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੇ 28 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਲੰਘਣ ਵਾਸਤੇ ਹਵਾਈ ਲਾਂਘੇ ਦੀ ਵਰਤੋਂ ਦੀ ਪ੍ਰਵਾਨਗੀ ਮੰਗੀ ਸੀ। ਮੋਦੀ ਨੇ 29 ਅਕਤੂਬਰ ਨੂੰ ਸਾਊਦੀ ਅਰਬ ਵਿਚ ਹੋ ਰਹੀ ਕੌਮਾਂਤਰੀ ਬਿਜ਼ਨਸ ਕਾਨਫਰੰਸ ਵਿਚ ਹਿੱਸਾ ਲੈਣਾ ਹੈ। ਪਾਕਿਸਤਾਨ ਨੇ ਇਸ ਤੋ ਪਹਿਲਾਂ 20 ਸਤੰਬਰ ਨੂੰ ਮੋਦੀ ਦੇ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ 74ਵੇਂ ਸੈਸ਼ਨ ਵਿਚ ਹਿੱਸਾ ਲੈਣ ਵਾਸਤੇ ਜਾਣ ਸਮੇਂ ਵੀ ਹਵਾਈ ਲਾਂਘੇ ਦੀ ਵਰਤੋਂ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਉਸ ਤੋਂ ਪਹਿਲਾਂ ਉਸਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਯੂਰਪ ਜਾਣ ਵੇਲੇ ਵੀ ਹਵਾਈ ਲਾਂਘਾ ਵਰਤਣ ਦੀ ਆਗਿਆ ਨਹੀਂ ਦਿੱਤੀ ਸੀ।

Read 664 times