Print this page

ਬੇਵੱਸ ਕਸ਼ਮੀਰੀ : ਸੱਪ ਦੇ ਡੰਗੇ ਪੁੱਤ ਲਈ ਨਾ ਤੁਰੰਤ ਐਂਬੂਲੈਂਸ ਮਿਲੀ, ਨਾ ਦਵਾਈ Featured

Written by  Published in ਦੇਸ਼-ਵਿਦੇਸ਼ Wednesday, 09 October 2019 05:00

ਹੀਵਾਂ : ਸਾਜਾ ਬੇਗਮ ਰਸੋਈ ਵਿਚ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਕਿ ਘਬਰਾਇਆ ਹੋਇਆ ਉਸ ਦਾ ਮੁੰਡਾ ਉਸ ਕੋਲ ਆਣ ਕੇ ਕਹਿਣ ਲੱਗਾ, ''ਮੰਮੀ ਮੈਨੂੰ ਸੱਪ ਨੇ ਡੰਗ ਲਿਆ ਤੇ ਮੈਂ ਮਰਨ ਲੱਗਾਂ।'' ਕਸ਼ਮੀਰ ਵਿਚ ਸੰਚਾਰ ਨੈੱਟਵਰਕ ਜਾਮ ਹੋਣ ਕਾਰਨ ਬੇਗਮ ਐਂਬੂਲੈਂਸ ਨਹੀਂ ਸੱਦ ਸਕੀ। ਉਸ ਨੂੰ 22 ਸਾਲਾ ਬੇਟੇ ਦੀ ਜਾਨ ਬਚਾਉਣ ਲਈ ਜ਼ਹਿਰ ਦਾ ਤੋੜ ਲੱਭਣ ਲਈ 16 ਘੰਟੇ ਲੱਗ ਗਏ। ਭੱਜਦੀ ਦੀਆਂ ਲੱਤਾਂ ਸੁੱਜ ਗਈਆਂ, ਬੇਹੋਸ਼ ਤੱਕ ਹੋ ਗਈ, ਪਰ ਉਸ ਨੂੰ ਬਚਾਅ ਨਾ ਸਕੀ। ਕੋਲਕਾਤਾ ਦੇ ਅਖਬਾਰ 'ਦੀ ਟੈਲੀਗਰਾਫ' ਵਿਚ ਛਪੀ ਰਿਪੋਰਟ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਸੰਚਾਰ ਨੈੱਟਵਰਕ ਬੰਦ ਹੋਣ ਕਾਰਨ ਪਿਛਲੇ ਦੋ ਮਹੀਨਿਆਂ ਵਿਚ ਕਈ ਜਾਨਾਂ ਜਾ ਚੁੱਕੀਆਂ ਹਨ। ਆਨਲਾਈਨ ਦਵਾਈ ਮੰਗਾਉਣ ਵਾਲੇ ਕੈਂਸਰ ਦੇ ਰੋਗੀ ਆਰਡਰ ਬੁੱਕ ਨਹੀਂ ਕਰਾ ਸਕੇ। ਮੋਬਾਈਲ ਸੇਵਾ ਬੰਦ ਹੋਣ ਕਾਰਨ ਡਾਕਟਰ ਉਨ੍ਹਾਂ ਨਾਲ ਗੱਲ ਨਹੀਂ ਕਰ ਸਕਦੇ ਤੇ ਉਹ ਜ਼ਿੰਦਗੀ-ਮੌਤ ਦੀ ਲੜਾਈ ਵਿਚ ਡਾਕਟਰੀ ਸਲਾਹ ਨਹੀਂ ਲੈ ਸਕਦੇ। ਬਹੁਤੇ ਕਸ਼ਮੀਰੀਆਂ ਦੇ ਘਰਾਂ ਵਿਚ ਲੈਂਡਲਾਈਨ ਟੈਲੀਫੋਨ ਨਾ ਹੋਣ ਕਾਰਨ ਉਹ ਡਾਕਟਰੀ ਮਦਦ ਤੋਂ ਵਿਰਵੇ ਹਨ। ਇਕ ਹਸਪਤਾਲ ਦੇ ਡਾਕਟਰ ਨੇ ਆਪਣਾ ਨਾਂਅ ਦੱਸੇ ਬਿਨਾਂ ਕਿਹਾ ਕਿ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ 'ਤੇ ਵੇਲੇ ਸਿਰ ਹਸਪਤਾਲ ਨਾ ਪੁੱਜ ਸਕਣ ਕਾਰਨ ਘੱਟੋ-ਘੱਟ ਇਕ ਦਰਜਨ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤੇ ਦਿਲ ਨਾਲ ਸੰਬੰਧਤ ਰੋਗਾਂ ਤੋਂ ਪੀੜਤ ਸਨ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਹਸਪਤਾਲ ਆਮ ਵਾਂਗ ਕੰਮ ਕਰ ਰਹੇ ਹਨ, ਪਰ ਕਈ ਡਾਕਟਰਾਂ ਨੇ ਦੱਸਿਆ ਕਿ ਸੁਰੱਖਿਆ ਬਲ ਉਨ੍ਹਾਂ ਨੂੰ ਵੀ ਧਮਕਾ ਰਹੇ ਹਨ। ਕਈ ਡਾਕਟਰਾਂ ਨੇ ਇਸ ਕਰਕੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਵੇਗਾ। ਸਰਕਾਰੀ ਅਧਿਕਾਰੀ ਰੋਹਿਤ ਕਾਂਸਲ ਨੇ ਦੱਸਿਆ ਕਿ ਪਾਬੰਦੀਆਂ ਕਾਰਨ ਜਾਨਾਂ ਨਹੀਂ ਗਈਆਂ, ਸਗੋਂ ਉਨ੍ਹਾਂ ਜਿੰਨੀਆਂ ਜਾਨਾਂ ਗਈਆਂ ਉਸ ਨਾਲੋਂ ਵੱਧ ਬਚਾਈਆਂ ਹਨ, ਪਰ ਕਈ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਂਬੂਲੈਂਸ ਨਾ ਮਿਲਣ ਕਾਰਨ ਸੈਂਕੜੇ ਲੋਕ ਐਮਰਜੰਸੀ ਸਥਿਤੀ ਵਿਚ ਫਸ ਗਏ। ਕਈ ਤਾਂ ਮਰ ਵੀ ਗਏ। ਇਨ੍ਹਾਂ ਦਾ ਕੋਈ ਰਿਕਾਰਡ ਨਹੀਂ। ਰੋਕਾਂ ਹਟਾਉਣ ਲਈ ਸਰਕਾਰ ਨੂੰ ਪੱਤਰ ਲਿਖਣ ਵਾਲੇ ਇਕ ਦਰਜਨ ਤੋਂ ਵੱਧ ਡਾਕਟਰਾਂ ਵਿਚ ਸ਼ਾਮਲ ਡਾ. ਰਮਾਨੀ ਅਤਕੁਰੀ ਨੇ ਕਿਹਾ, ''ਲੋਕ ਇਸ ਕਰਕੇ ਮਰੇ ਕਿਉਂਕਿ ਉਨ੍ਹਾਂ ਕੋਲ ਫੋਨ ਨਹੀਂ ਸਨ ਤੇ ਉਹ ਐਂਬੂਲੈਂਸ ਨਹੀਂ ਸੱਦ ਸਕੇ।'' ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰੋਕਾਂ ਤੇ ਦਵਾਈਆਂ ਦੀ ਕਮੀ ਕਾਰਨ ਹਸਪਤਾਲ ਵਿਚ ਪਿਛਲੇ ਦੋ ਮਹੀਨਿਆਂ ਵਿਚ ਸਰਜਰੀਆਂ 50 ਫੀਸਦੀ ਘੱਟ ਹੋਈਆਂ। ਸਾਜਾ ਬੇਗਮ ਦੇ ਬੇਟੇ ਆਮਿਰ ਫਾਰੂਕ ਦਾ ਕਾਲਜ ਅਗਸਤ ਦੇ ਸ਼ੁਰੂ ਵਿਚ ਬੰਦ ਹੋ ਗਿਆ ਸੀ। ਉਹ 13 ਅਗਸਤ ਨੂੰ ਬਾਰਾਮੂਲਾ ਨੇੜੇ ਆਪਣੇ ਬਾਗ ਵਿਚ ਭੇਡ ਚਰਾ ਰਿਹਾ ਸੀ ਕਿ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ। ਜੇ ਪੌਲੀਵੇਲੈਂਟ ਦਾ ਟੀਕਾ 6 ਘੰਟਿਆਂ ਦੇ ਵਿਚ-ਵਿਚ ਨਾ ਲੱਗੇ ਤਾਂ ਸੱਪ ਦੇ ਡੰਗਿਆਂ ਵਿਚੋਂ ਬਹੁਤਿਆਂ ਦੀ ਜਾਨ ਨਹੀਂ ਬਚਦੀ। ਬੇਗਮ ਨੇ ਬੇਟੇ ਦੀ ਲੱਤ ਨੂੰ ਰੱਸੀ ਬੰਨ੍ਹੀ ਤਾਂਕਿ ਜ਼ਹਿਰ ਨਾ ਚੜ੍ਹੇ। ਫਿਰ ਉਹ ਪਿੰਡ ਦੇ ਪਬਲਿਕ ਹੈਲਥ ਸੈਂਟਰ ਵੱਲ ਦੌੜੀ। ਸੈਂਟਰ ਵਿਚ ਇਹ ਦਵਾਈ ਹੁੰਦੀ ਹੈ, ਪਰ ਸੈਂਟਰ ਬੰਦ ਨਿਕਲਿਆ। ਉਸ ਨੇ ਮਦਦ ਲਈ ਦੁਹਾਈਆਂ ਪਾਈਆਂ ਤੇ ਇਕ ਮੋਟਰਸਾਈਕਲ ਵਾਲੇ ਦੀ ਮਦਦ ਨਾਲ ਮਾਂ-ਬਾਪ ਪੁੱਤ ਨੂੰ ਬਾਰਾਮੂਲਾ ਦੇ ਜ਼ਿਲ੍ਹਾ ਹਸਪਤਾਲ ਲੈ ਕੇ ਪੁੱਜੇ, ਪਰ ਉਥੇ ਡਾਕਟਰਾਂ ਕੋਲ ਦਵਾਈ ਨਹੀਂ ਮਿਲੀ, ਤਾਂ ਵੀ ਉਨ੍ਹਾਂ ਨੇ ਸ੍ਰੀਨਗਰ ਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕਰ ਦਿੱਤਾ। ਪਰਵਾਰ ਮੁਤਾਬਕ ਜਵਾਨਾਂ ਨੇ ਐਂਬੂਲੈਂਸ ਨੂੰ ਕਈ ਥਾਈਂ ਰੋਕਿਆ। ਆਮਿਰ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਰਹੀਆਂ ਸਨ। ਉਸ ਨੇ ਮਾਂ ਨੂੰ ਕਿਹਾ ਕਿ ਸੱਜੀ ਲੱਤ ਸੁੰਨ ਹੋ ਗਈ ਹੈ। ਦੋ ਘੰਟਿਆਂ ਬਾਅਦ ਆਮਿਰ ਨੂੰ ਸ੍ਰੀਨਗਰ ਦੇ ਸਾਉਰਾ ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਵੀ ਜ਼ਹਿਰ ਦੇ ਤੋੜ ਵਾਲੀ ਦਵਾਈ ਨਹੀਂ ਮਿਲੀ। ਉਨ੍ਹਾਂ ਸ਼ਹਿਰ ਦੀਆਂ ਫਾਰਮੇਸੀਆਂ ਗਾਹ ਮਾਰੀਆਂ, ਪਰ ਉਥੇ ਵੀ ਦਵਾਈ ਨਹੀਂ ਮਿਲੀ। ਆਖਰ ਇਕ ਆਰਮੀ ਕੈਂਪ ਪੁੱਜੇ, ਜਿੱਥੇ ਦਵਾਈ ਦਾ ਸਟਾਕ ਆਮ ਤੌਰ 'ਤੇ ਹੁੰਦਾ ਹੈ। ਉਥੋਂ ਜਵਾਬ ਮਿਲਿਆ ਕਿ ਭਲਕੇ ਆਇਓ। ਹਰ ਪਾਸਿਓਂ ਨਾਕਾਮ ਹੋਣ 'ਤੇ ਬੇਗਮ ਆਪਣੇ ਪਤੀ ਫਾਰੂਕ ਅਹਿਮਦ ਡਾਰ 'ਤੇ ਚੀਕੀ, ''ਸਭ ਵੇਚ ਦਿਓ ਪਰ ਮੁੰਡਾ ਬਚਾਅ ਲਓ।'' 46 ਸਾਲ ਦੇ ਫਾਰੂਕ ਨੇ ਦੱਸਿਆ ਕਿ ਉਸ ਨੇ ਖੁਦ ਨੂੰ ਏਨਾ ਬੇਬੱਸ ਕਦੇ ਨਹੀਂ ਮਹਿਸੂਸ ਕੀਤਾ। ''ਮੈਂ ਮਹਿਸੂਸ ਕੀਤਾ ਕਿ ਆਪਣੀ ਛਾਤੀ ਵਿਚ ਚਾਕੂ ਖੁਭੋ ਰਿਹਾ ਹਾਂ।'' ਅਗਲੇ ਦਿਨ ਸਵੇਰੇ ਸਾਢੇ 10 ਵਜੇ (ਡੰਗੇ ਜਾਣ ਤੋਂ 16 ਘੰਟਿਆਂ ਬਾਅਦ) ਆਮਿਰ ਦਮ ਤੋੜ ਗਿਆ। ਫਿਰ ਉਸ ਦੇ ਮਾਂ-ਬਾਪ ਉਸ ਦੀ ਲਾਸ਼ ਨਾਲ 55 ਕਿਲੋਮੀਟਰ ਪਿੱਛੇ ਆਪਣੇ ਘਰ ਐਂਬੂਲੈਂਸ ਵਿਚ ਲੈ ਕੇ ਪੁੱਜੇ। ਅਗਸਤ ਦੇ ਅੰਤ ਵਿਚ ਕਸ਼ਮੀਰੀ ਯੂਰੋਲੋਜਿਸਟ ਉਮਰ ਸਲੀਮ ਡਾਕਟਰਾਂ ਵਾਲੀ ਵਰਦੀ ਵਿਚ ਹਿੱਕ 'ਤੇ ਪੋਸਟਰ ਲਟਕਾ ਕੇ ਮੋਟਰਸਾਈਕਲ 'ਤੇ ਸ੍ਰੀਨਗਰ ਵਿਚ ਪੱਤਰਕਾਰਾਂ ਦੇ ਸੈਂਟਰ ਵਿਚ ਪੁੱਜ ਗਿਆ ਸੀ। ਪੋਸਟਰ 'ਤੇ ਲਿਖਿਆ ਸੀ : ਫੋਨ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰੋ। ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਤੇ ਪੁਲਸ ਅਫਸਰਾਂ ਨੇ ਇਹ ਵਾਰਨਿੰਗ ਦੇ ਕੇ ਕੁਝ ਘੰਟਿਆਂ ਬਾਅਦ ਛੱਡਿਆ ਕਿ ਅਜਿਹੀ ਹਰਕਤ ਫਿਰ ਨਹੀਂ ਕਰਨੀ। ਸਲੀਮ ਨੇ ਇਕ ਇੰਟਰਵਿਊ ਵਿਚ ਕਿਹਾ, ''ਸਾਨੂੰ ਭਾਵੇਂ ਰਸਮੀ ਤੌਰ 'ਤੇ ਜੇਲ੍ਹ ਵਿਚ ਨਾ ਡੱਕਿਆ ਗਿਆ ਹੋਵੇ, ਪਰ ਇਹ ਜੇਲ੍ਹਬੰਦ ਕਰਨ ਤੋਂ ਘੱਟ ਨਹੀਂ।'' ਸ੍ਰੀਨਗਰ ਦੇ ਇਕ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਰ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਕੋਲ ਦਿਲ ਦਾ ਰੋਗੀ ਆਇਆ। ਉਸ ਦੇ ਇਲਾਜ ਲਈ ਖਾਸ ਟੈਕਨੀਸ਼ੀਅਨ ਦੀ ਲੋੜ ਸੀ, ਪਰ ਹਸਪਤਾਲ ਵਿਚ ਟੈਕਨੀਸ਼ੀਅਨ ਨਹੀਂ ਸੀ। ਉਹ ਟੈਕਨੀਸ਼ੀਅਨ ਨੂੰ ਫੋਨ ਵੀ ਨਹੀਂ ਕਰ ਸਕਦਾ ਸੀ। ਉਹ ਹਨੇਰੇ ਵਿਚ ਪੰਜ ਮੀਲ ਮੋਟਰਸਾਈਕਲ ਚਲਾ ਕੇ ਟੈਕਨੀਸ਼ੀਅਨ ਦੇ ਘਰ ਗਿਆ। ਘਰ ਮਸੀਂ ਲੱਭਾ। ਉਹ ਤੇ ਟੈਕਨੀਸ਼ੀਅਨ ਰੋਗੀ ਦੀ ਜਾਨ ਬਚਾਉਣ ਵਿਚ ਤਾਂ ਸਫਲ ਹੋ ਗਏ, ਪਰ ਕਸ਼ਮੀਰ ਦੀ ਹਾਲਤ ਪੱਥਰ ਯੁੱਗ ਵਰਗੀ ਹੀ ਹੈ। ਪਿਛਲੇ ਮਹੀਨੇ ਗਰਭਵਤੀ ਰਜ਼ੀਆ ਖਾਨ ਨੂੰ ਕੋਈ ਮੁਸ਼ਕਲ ਆ ਗਈ। ਨੇੜਲੇ ਹਸਪਤਾਲ ਤੋਂ 7 ਕਿਲੋਮੀਟਰ ਦੂਰ ਪੈਂਦੇ ਪਿੰਡ ਵਿਚ ਰਹਿੰਦੇ ਰਜ਼ੀਆ ਤੇ ਉਸ ਦਾ ਪਤੀ ਬਿਲਾਲ ਮੰਡੂ ਗਰੀਬ ਸੇਬ ਉਤਪਾਦਕ ਹਨ। ਫੋਨ ਬੰਦ ਹੋਣ ਕਰਕੇ ਉਹ ਐਂਬੂਲੈਂਸ ਨਹੀਂ ਸੱਦ ਸਕੇ। ਦੋਨੋਂ ਤੁਰ ਕੇ ਹਸਪਤਾਲ ਪੁੱਜੇ। ਉਥੋਂ ਉਨ੍ਹਾਂ ਨੂੰ ਸ੍ਰੀਨਗਰ ਦੇ ਵੱਡੇ ਹਸਪਤਾਲ ਵੱਲ ਤੋਰ ਦਿੱਤਾ ਗਿਆ। ਉਥੇ ਪੁੱਜਣ ਵਿਚ ਬਹੁਤ ਦੇਰ ਹੋ ਗਈ ਸੀ ਤੇ ਰਜ਼ੀਆ ਬੱਚਾ ਗੁਆ ਬੈਠੀ। ਮੰਡੂ ਨੇ ਕਿਹਾ, ''ਫੋਨ ਕੰਮ ਕਰਦਾ ਹੁੰਦਾ ਤਾਂ ਉਹ ਆਪਣੇ ਘਰ ਐਂਬੂਲੈਂਸ ਸੱਦ ਲੈਂਦਾ।''

Read 41 times
разработка сайтов