:
You are here: Home

*ਫੀਡ ਤੋਂ ਤਿਆਰ ਸੱਤ ਮਹੀਨਿਆਂ ਅੰਦਰ ਇਕ ਜਾਨਵਰ ਤੋਂ ਕਮਾਇਆ ਜਾ ਸਕਦਾ ਹੈ 5 ਹਜ਼ਾਰ ਰੁਪਏ ਮੁਨਾਫ਼ਾ-ਜਗਦੀਪ ਸਿੰਘ Featured

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Tuesday, 08 October 2019 05:24

ਫ਼ਾਜ਼ਿਲਕਾ, 7 ਅਕਤੂਬਰ: ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੰਨਵਾਲਾ ਹਨਵੰਤਾ ਦਾ ਅਗਾਂਹਵਧੂ ਕਿਸਾਨ ਜਗਦੀਪ ਸਿੰਘ ਖੇਤੀਬਾੜੀ ਦੇ ਨਾਲ -ਨਾਲ ਸੂਰ ਪਾਲਣ ਦਾ ਕਿੱਤਾ ਕਰਕੇ ਆਪਣੀ ਆਮਦਨ ’ਚ ਚੋਖਾ ਵਾਧਾ ਕਰ ਰਿਹਾ ਹੈ। ਜਗਦੀਪ ਸਿੰਘ ਨੇ ਸਾਲ 2016 ਤੋਂ ਸ਼ੂਰ ਪਾਲਣ ਦੇ ਕਿੱਤੇ ਨੰੂ ਸਹਾਇਕ ਧੰਦੇ ਵੱਜੋਂ ਅਪਣਾਇਆ ਸੀ ਮਿਹਨਤ ਅਤੇ ਲਗਨ ਨਾਲ ਪਿਗਰੀ ਦੇ ਕੰਮ ਨੰੂ ਪਹਿਲਾ ਤੋਂ ਹੋਰ ਜ਼ਿਆਦਾ ਮਜ਼ਬੂਤ ਕਰਕੇ ਸੂਰ ਪਾਲਣ ਦੇ ਕਿੱਤੇ ਤੋਂ ਬਹੁਤ ਸੰਤੁਸ਼ਟ ਹੈ ਅਤੇ ਆਰਥਿਕ ਪੱਖੋਂ ਮਜ਼ਬੂਤ ਵੀ ਹੋਇਆ ਹੈ। ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਇਕ ਕਨਾਲ ਦੇ ਵਿੱਚ ਸੂਰ ਪਾਲਣ ਦਾ ਕਿੱਤਾ ਕਰਕੇ 120 ਜਾਨਵਰ ਰੱਖੇ ਹੋਏ ਹਨ। ਉਸਨੇ ਦੱਸਿਆ ਕਿ ਸ਼ੁਰੂ ਵਿੱਚ ਫਿਰੋਜ਼ਪੁਰ ਸਰਕਾਰੀ ਫਾਰਮ ਮੱਲਾਂ ਵਾਲਾ ਤੋਂ 10 ਤੋਂ 12 ਕਿਲੋ ਦੇ ਭਾਰ ਵਾਲੇ 2500 ਰੁਪਏ ਪ੍ਰਤੀ ਜਾਨਵਰ ਦੇ ਹਿਸਾਬ ਨਾਲ ਲਾਰਜ ਵਾਈਟ ਯੋਰਕਸਾਈਜ ਸੂਰ ਖਰੀਦੇ ਸਨ। ਜਗਦੀਪ ਸਿੰਘ ਦਾ ਕਹਿਣਾ ਹੈ ਕਿ ਪਿਗਰੀ ਲਈ ਖਾਣੇ ਦੀ ਵੇਸਟਿਜ਼ ਤੋਂ ਜ਼ਿਆਦਾ ਫੀਡ ਵਧੇਰੇ ਲਾਹੇਵੰਦ ਹੈ। ਵੇਸਟਿਜ ਨਾਲ ਇਕ ਸਾਲ ਅੰਦਰ ਇਕ ਜਾਨਵਰ ਇਕ ਕੁਇੰਟਲ ਦਾ ਹੁੰਦਾ ਹੈ ਜਦਕਿ ਫੀਡ ਨਾਲ ਸੱਤ ਮਹੀਨਿਆਂ ਅੰਦਰ ਇਕ ਕੁਇੰਟਲ ਦਾ ਹੁੰਦਾ ਹੈ, ਜਿਸਨੂੰ 100 ਤੋਂ 110 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਕੇ 5000 ਰੁਪਏ ਪ੍ਰਤੀ ਜਾਨਵਰ ਕਮਾਇਆ ਜਾ ਸਕਦਾ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਜਾਨਵਰਾਂ ਲਈ ਖਾਣਾ (ਵੇਸਟਿਜ਼) ਲਿਆਉਣ ਲਈ ਲੇਬਰ ਦੀ ਲੋੜ ਮਹਿਸੂਸ ਹੰੁਦੀ ਹੈ ਜੇਕਰ ਜਾਨਵਰ ਨੂੰ ਫੀਡ ’ਤੇ ਪਾਲਿਆ ਜਾਵੇ ਤਾਂ ਲੇਬਰ ਦਾ ਖਰਚਾ ਬਚਾ ਕੇ ਸਮੇਂ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਅਤੇ ਜਾਨਵਰ ਦਾ ਭਾਰ ਵੱਧਣ ਨਾਲ ਮੁਨਾਫਾ ਵਧੇਰੇ ਲਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅਗਾਂਹਵਧੂ ਕਿਸਾਨ ਜਗਦੀਪ ਸਿੰਘ ਨੂੰ ਬਾਕੀ ਕਿਸਾਨਾਂ ਲਈ ਮਿਸਾਲ ਦੱਸਦੇ ਹੋਏ ਜ਼ਿਲੇ੍ਹ ਦੇ ਹੋਰ ਕਿਸਾਨਾਂ ਨੂੰ ਵੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਦਾ ਸੱਦਾ ਦਿੱਤਾ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਾਕੇਸ਼ ਕੁਮਰ ਗਰੋਵਰ ਨੇ ਦੱਸਿਆ ਕਿ ਸੂਰ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਨਾਬਾਰਡ ਵੱਲੋਂ 2 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਬੱਕਰੀ ਪਾਲਣ, ਮੱਛੀ ਪਾਲਣ ਤੇ ਸੂਰ ਪਾਲਣ ਦੇ ਕਿੱਤੇ ਨਾਲ ਜੁੜਕੇ ਆਪਣੀ ਆਮਦਨ ’ਚ ਚੋਖਾ ਵਾਧਾ ਕਰ ਸਕਦੇ ਹਨ।

Read 69 times