:
You are here: Home

ਰਾਹੁਲ ਨੇ ਮੁੱਖ ਮੰਤਰੀਆਂ ਦੀ ਅਪੀਲ ਵੀ ਠੁਕਰਾਈ

Written by  Published in ਰਾਜਨੀਤੀ Tuesday, 02 July 2019 04:24

ਨਵੀਂ ਦਿੱਲੀ - ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਹੁਣ ਤੱਕ ਕਾਂਗਰਸ 'ਚ ਮੰਥਨ, ਮਨਾਉਣ ਅਤੇ ਰੁਸਣ ਦਾ ਦੌਰ ਜਾਰੀ ਹੈ। ਇੱਕ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੁਦ ਦੇ ਅਸਤੀਫ਼ੇ 'ਤੇ ਅੜੇ ਹੋਏ ਹਨ ਤਾਂ ਦੂਜੇ ਪਾਸੇ ਹੋਰ ਸੂਬਿਆਂ ਇਕਾਈਆਂ ਤੋਂ ਵੀ ਅਸਤੀਫ਼ੇ ਦਿੱਲੀ ਦਾ ਰੁਖ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਮੰਨ ਜਾਵੇ। ਸੋਮਵਾਰ ਨੂੰ ਇੱਕ ਵਾਰ ਰਾਹੁਲ ਨੂੰ ਮਨਾਉਣ ਦਾ ਦੌਰ ਸ਼ੁਰੂ ਹੋਇਆ। ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਹੁਲ ਦੇ ਕਰੀਬੀ ਮੰਨੇ ਜਾਣ ਵਾਲੇ ਅਸ਼ੋਕ ਗਹਿਲੋਤ ਅਤੇ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਰਾਹੁਲ ਗਾਂਧੀ ਦੇ ਨਾਲ ਉਨ੍ਹਾ ਦੇ ਨਿਵਾਸ ਅਸਥਾਨ 'ਤੇ ਮੁਲਾਕਾਤ ਕੀਤੀ, ਜਿਨ੍ਹਾਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਰਾਇਣਸਵਾਮੀ ਨੇ ਰਾਹੁਲ ਗਾਂਧੀ ਦੇ ਘਰ 'ਚ ਉਨ੍ਹਾ ਨਾਲ ਮੁਲਾਕਾਤ ਕੀਤੀ। ਉਹਨਾਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਵਾਪਸ ਲੈਣ ਲਈ ਅਪੀਲ ਕੀਤੀ। ਹਾਲਾਂਕਿ ਰਾਹੁਲ ਨੇ ਉਨ੍ਹਾਂ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ। ਮੀਟਿੰਗ ਤੋਂ ਬਾਅਦ ਗਹਿਲੋਤ ਨੇ ਕਿਹਾ, 'ਮੀਟਿੰਗ 'ਚ ਚੰਗੀ ਗੱਲਬਾਤ ਹੋਈ। ਚੋਣਾਂ 'ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਰਾਹੁਲ ਦੇ ਅਸਤੀਫ਼ੇ 'ਤੇ ਹਾਲੇ ਕੋਈ ਫੈਸਲਾ ਨਹੀਂ ਹੋਇਆ। ਰਾਹੁਲ ਨੂੰ ਵਰਕਰਾਂ ਦੀਆਂ ਭਾਵਨਾਵਾਂ ਦੱਸੀਆਂ। ਉਮੀਦ ਹੈ ਕਿ ਉਹ ਸਾਡੀ ਗੱਲ 'ਤੇ ਗੌਰ ਕਰਨਗੇ। ਉਹ ਸਮਾਂ ਆਉਣ 'ਤੇ ਸਹੀ ਫੈਸਲਾ ਕਰਨਗੇ। ਵਰਤਮਾਨ ਹਾਲਾਤ 'ਚ ਉਨ੍ਹਾ ਨਾਲ ਖੁੱਲ੍ਹ ਕੇ ਗੱਲ ਹੋਈ।' ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਸਤੀਫ਼ਾ ਆ ਰਿਹਾ ਹੈ। ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਅਸਤੀਫ਼ੇ ਦਿੱਤੇ ਹਨ। ਉਥੇ ਹੀ ਰਾਹੁਲ ਗਾਂਧੀ ਵੀ ਆਪਣੇ ਅਸਤੀਫ਼ੇ 'ਤੇ ਅੜੇ ਹੋਏ ਹਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਮਲਨਾਥ ਨੇ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਮੀਟਿੰਗ ਤੋਂ ਪਹਿਲਾ ਗਹਿਲੋਤ ਨੇ ਟਵੀਟ ਕਰਕੇ ਕਿਹਾ, 'ਸਾਡਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਵਰਤਮਾਨ ਦ੍ਰਿਸ਼ 'ਚ ਕੇਵਲ ਰਾਹੁਲ ਗਾਂਧੀ ਹੀ ਪਾਰਟੀ ਦੀ ਅਗਵਾਈ ਕਰ ਸਕਦੇ ਹਨ। ਦੇਸ਼ ਅਤੇ ਦੇਸ਼ ਵਾਸੀਆਂ ਦੀ ਭਲਾਈ ਪ੍ਰਤੀ ਉਨ੍ਹਾ ਦੀ ਪ੍ਰਤੀਬੱਧਤਾ ਬਿਨਾਂ ਸਮਝੌਤਾਵਾਦੀ ਅਤੇ ਬੇਜੋੜ ਹੈ।' ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਬਣੇ ਰਹਿਣ। ਮੀਟਿੰਗ ਤੋਂ ਪਹਿਲਾਂ ਉਨ੍ਹਾ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਰਾਹੁਲ ਹੀ ਪ੍ਰਧਾਨ ਬਣੇ ਰਹਿਣ। ਉਨ੍ਹਾ ਦੀ ਅਗਵਾਈ ਨੂੰ ਅੱਗੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਬਘੇਲ ਪਹਿਲਾਂ ਹੀ ਪਾਰਟੀ ਪ੍ਰਦੇਸ਼ ਪ੍ਰਧਾਨ ਤੋਂ ਹਟ ਗਏ ਹਨ।

Read 99 times