:
You are here: Home

ਆਮਦਨ ਦੇ ਵਸੀਲਿਆਂ ਤੋਂ ਵਧੇਰੇ ਖ਼ਰਚ ਦੇ ਦੋਸ਼ 'ਚ ਥਾਣੇਦਾਰ ਨੂੰ ਚਾਰ ਸਾਲ ਦੀ ਕੈਦ Featured

Written by  Published in ਬਠਿੰਡਾ-ਮਾਨਸਾ Thursday, 06 June 2019 06:26

ਮਾਨਸਾ  - ਜ਼ਿਲ੍ਹਾ ਮਾਨਸਾ ਦੀ ਇੱਕ ਮਾਣਯੋਗ ਅਦਾਲਤ ਨੇ ਆਮਦਨ ਦੇ ਸ੍ਰੋਤਾਂ ਤੋਂ ਵਧੇਰੇ ਖ਼ਰਚ ਕਰਨ ਦੇ ਦੋਸ਼ 'ਚ ਇੱਕ ਥਾਣੇਦਾਰ ਨੂੰ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਏ.ਐੱਸ.ਆਈ. ਗਮਦੂਰ ਸਿੰਘ ਦੇ ਖਿਲਾਫ਼ 12 ਮਾਰਚ 2015 ਨੂੰ ਆਮਦਨ ਦੇ ਸ੍ਰੋਤਾਂ ਤੋਂ ਵਧੇਰੇ ਖ਼ਰਚ ਕਰਨ ਦੇ ਦੋਸ਼ 'ਚ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਚੀਫ਼ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ, ਪੰਜਾਬ ਦੇ ਹੁਕਮਾਂ 'ਤੇ ਮਾਮਲਾ ਨੰ: 4 ਦਰਜ ਕਰਕੇ ਸੁਣਵਾਈ ਦੇ ਲਈ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਥਾਣੇਦਾਰ ਉੱਪਰ ਲੱਗੇ ਦੋਸ਼ਾਂ ਅਨੁਸਾਰ ਇੱਕ ਜਨਵਰੀ 2007 ਤੋਂ 31 ਦਸੰਬਰ 2011 ਤੱਕ ਥਾਣੇਦਾਰ ਗਮਦੂਰ ਸਿੰਘ ਦੀ ਕੁੱਲ ਤਨਖਾਹ 25 ਲੱਖ 98 ਹਜ਼ਾਰ 786 ਰੁਪਏ ਬਣਦੀ ਸੀ। ਪਰ ਇਸ ਪੀਰੀਅਡ ਦੌਰਾਨ ਉਸ ਵੱਲੋਂ 49 ਲੱਖ 1 ਹਜ਼ਾਰ 419 ਰੁਪਏ ਖ਼ਰਚੇ ਕਰਨੇ ਪਾਏ ਗਏ, ਇਸ ਤਰ੍ਹਾਂ ਉਸ ਨੇ ਆਪਣੀ ਆਮਦਨ ਦੇ ਸ੍ਰੋਤਾਂ ਤੋਂ 23 ਲੱਖ 2 ਹਜ਼ਾਰ 733 ਰੁਪਏ ਵਧੇਰੇ ਖ਼ਰਚ ਕੀਤਾ। ਪੁੱਛਗਿੱਛ ਦੌਰਾਨ ਉਕਤ ਥਾਣੇਦਾਰ ਵੱਲੋਂ ਆਮਦਨ ਦੇ ਸ੍ਰੋਤਾਂ ਤੋਂ ਵਧੇਰੇ ਖ਼ਰਚੇ ਸਬੰਧੀ ਕੋਈ ਠੋਸ ਜਵਾਬ ਨਾ ਦੇਣ ਕਰਕੇ ਵਿਜੀਲੈਂਸ ਵਿਭਾਗ ਦੁਆਰਾ ਉਕਤ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ। ਅਦਾਲਤ 'ਚ ਸੁਣਵਾਈ ਦੌਰਾਨ ਸ਼੍ਰੀ ਰਾਜੀਵ ਕੁਮਾਰ ਬੇਰੀ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਵੱਲੋਂ ਗਵਾਹੀਆਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਦੇ ਆਧਾਰ 'ਤੇ ਥਾਣੇਦਾਰ ਗਮਦੂਰ ਸਿੰਘ 'ਤੇ ਲੱਗੇ ਦੋਸ਼ ਸਹੀ ਪਾਏ ਗਏ, ਜਿਸ 'ਤੇ ਉਨ੍ਹਾਂ ਵੱਲੋਂ ਮੁਲਜ਼ਮ ਨੂੰ ਚਾਰ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀ ਨੂੰ ਤਿੰਨ ਮਹੀਨੇ ਦੀ ਸਜ਼ਾ ਹੋਰ ਕੱਟਣੀ ਹੋਵੇਗੀ।

Read 713 times