:
You are here: Homeਖਾਸ ਖਬਰਾਂ

ਖਾਸ ਖਬਰਾਂ (965)

ਭਿੱਖੀਵਿੰਡ 5 ਅਪ੍ਰੈਲ -ਵਿਦੇਸ਼ੀ ਧਰਤੀ ਲਿਬਨਾਨ ‘ਚ ਬੀਤੇ ਦੋ ਹਫ਼ਤੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਲ੍ਹੇਰ ਦੇ ਨੌਜਵਾਨ ਗੁਰਲਵਜੀਤ ਸਿੰਘ (19) ਦੀ ਲਾਸ਼ ਅੱਜ ਸਵੇਰੇ 11 ਵਜੇ ਦੇ ਇਕ ਪ੍ਰਾਈਵੇਟ ਐਂਬੂਲੈਂਸ ਰਾਹੀਂ ਪਿੰਡ ਬਲ੍ਹੇਰ ਵਿਖੇ ਪਹੁੰਚੀਂ। ਦੱਸਣਯੋਗ ਹੈ ਕਿ ਮ੍ਰਿਤਕ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਮਾਪਿਆਂ ਦੀ ਮੰਗ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕਰਕੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ। ਇਸ ਮਾਮਲੇ ਸੰਬੰਧੀ ਹੈਲਪਿੰਗ ਹੈਪਲੈਸ ਸੰਸਥਾ ਦੇ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਤੇ ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਲਿਬਨਾਨ ਸਥਿਤ ਭਾਰਤੀ ਦੂਤਾਵਾਸ ਨੂੰ ਜਾਣੂ ਕਰਵਾਇਆ, ਉੱਥੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਵੀ ਕੀਤੀ ਸੀ। ਲੰਮੀ ਜੱਦੋ-ਜਹਿਦ ਤੋਂ ਬਾਅਦ ਕਾਗ਼ਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਬੀਤੀ ਰਾਤ 12 ਵਜੇ ਹਵਾਈ ਜਹਾਜ਼ ਰਾਹੀਂ ਗੁਰਲਵਜੀਤ ਸਿੰਘ ਦੀ ਲਾਸ਼ ਨਵੀਂ ਦਿੱਲੀ ਦੇ ਏਅਰਪੋਰਟ ਵਿਖੇ ਪਹੁੰਚੀਂ, ਜਿੱਥੋਂ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ, ਮਾਮਾ ਰਾਜਵਿੰਦਰ ਸਿੰਘ, ਸਰਪੰਚ ਕਰਤਾਰ ਸਿੰਘ ਬਲ੍ਹੇਰ ਆਦਿ ਵੱਲੋਂ ਲਾਸ਼ ਨੂੰ ਵਾਪਸ ਪਿੰਡ ਲਿਆਂਦਾ ਗਿਆ। ਗੁਰਲਵਜੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਬਲ੍ਹੇਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਆਪਣੇ ਨੌਜਵਾਨ ਪੁੱਤਰ ਦੀ ਲਾਸ਼ ਦੇਖ ਕੇ ਪਿਤਾ ਹਰਦੇਵ ਸਿੰਘ, ਮਾਂ ਗੁਰਮੀਤ ਕੌਰ, ਭੈਣ ਕਿਰਨਦੀਪ ਕੌਰ, ਛੋਟੇ ਭਰਾ ਜਸਕਰਨ ਸਿੰਘ ਤੇ ਗੁਰਬੀਰ ਸਿੰਘ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ ਅਤੇ ਅੰਤਿਮ ਸੰਸਕਾਰ ਸਮੇਂ ਮਾਹੌਲ ਇੰਨਾ ਗ਼ਮਗੀਨ ਹੋ ਗਿਆ ਕਿ ਹਰ ਵਿਅਕਤੀ ਦੀ ਅੱਖ ਨਮ ਹੋ ਗਈ। ਇਸ ਮੌਕੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਗੁਰਮੁਖ ਸਿੰਘ ਘੁੱਲਾ, ਸਾਬਕਾ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ, ਪ੍ਰਸ਼ਾਸਨ ਵੱਲੋਂ ਕਾਨੂੰਗੋ ਸੁਰਿੰਦਰ ਸਿੰਘ, ਪਟਵਾਰੀ ਰਣਜੋਧ ਸਿੰਘ ਆਦਿ ਹਾਜ਼ਰ ਸਨ।

ਲੁਧਿਆਣਾ: 4 ਅਪ੍ਰੈਲ 2019: ਵਤਨ ਵਿੱਚ ਵਿਕਾਸ ਦੇ ਮੌਕੇ ਵਧਣ ਤਾਂ ਕੋਈ ਕਿਉਂ ਪਰਦੇਸੀ ਹੋਵੇ? ਸਤੀਸ਼ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਦੇ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ(ਮੁੱਖ ਮੰਤਰੀ) ਸ਼੍ਰੀ ਉੱਜਲ ਦੋਸਾਂਝ ਨੇ ਇਹ ਸ਼ਬਦ ਕਹੇ। ਇਸ ਸਮਾਗਮ ਚ ਉੱਜਲ ਦੋਸਾਂਝ ਬਾਰੇ ਡਗਲਸ ਪੀ ਵੈਲਬੈਂਕਸ ਦੀ ਲਿਖੀ ਤੇ ਕੇ ਐੱਲ ਗਰਗ ਦੀ ਅਨੁਵਾਦ ਕੀਤੀ ਜੀਵਨੀ ਪੁਸਤਕ ਵੀ ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪੜਜਾਬੀ ਯੂਨੀਵਰਸਿਟੀ ਪਟਿਆਲਾ, ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ, ਕਾਲਿਜ ਦੇ ਪ੍ਰਿੰਸੀਪਲ ਡਾ:,ਧਰਮ ਸਿੰਘ ਸੰਧੂ,ਕੈਨੇਡਾ ਵੱਸਦੇ ਨਾਵਲਕਾਰ ਜਰਨੈਲ ਸਿੰਘ ਸੇਖਾ,ਕੇ ਐੱਲ ਗਰਗ, ਸਤੀਸ਼ ਗੁਲਾਟੀ,ਪ੍ਰੋ: ਅਸ਼ਵਨੀ ਭੱਲਾ ਤੇ ਉੱਜਲ ਦੋਸਾਂਝ ਦੀ ਜੀਵਨ ਸਾਥਣ ਰਾਮਿੰਦਰ ਕੌਰ ਦੋਸਾਂਝ ਨੇ ਲੋਕ ਅਰਪਨ ਕੀਤੀ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਸ਼੍ਰੀ ਦੋਸਾਂਝ ਨੇ ਕਿਹਾ ਕਿ ਬਦੇਸ਼ਾਂ ਚ ਗਿਆਨ ਪ੍ਰਾਪਤੀ ਲਈ ਜਾਣਾ ਮਾੜਾ ਨਹੀਂ ਪਰ ਆਪਣੇ ਵਤਨ ਦੇ ਗਿਆਨ ਸੋਮਿਆਂ ਚੋਂ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਬਦੇਸ਼ਾਂ ਚ ਹੋਰ ਖੇਤਰਾਂ ਚ ਸੰਘਰਸ਼ ਕਰਨਾ ਸੌਖਾ ਨਹੀਂ ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ, ਕੇਂਦਰੀ ਸਿਹਤ ਮੰਤਰੀ ਤੇ ਹੋਰ ਰੁਤਬੇ ਹਾਸਲ ਕਰਕੇ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪੰਜਾਬ ਦਾ ਜਿੰਮੇਵਾਰੀਓਂ ਭੱਜਿਆ ਪੁੱਤਰ ਹਾਂ। ਇਥੇ ਰਹਿ ਕੇ ਸਾਂਝੇ ਸੰਘਰਸ਼ ਨਾਲ ਵੀ ਚੰਗੇ ਨਤੀਜੇ ਹਾਸਲ ਕਰਨ ਲਈ ਭਾਈਚਾਰਕ ਤੇ ਜਥੇਬੰਧਕ ਸ਼ਕਤੀ ਵਧਾਉਣ ਦੀ ਲੋੜ ਹੈ। ਕਾਲਿਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼੍ਰੀ ਉੱਜਲ ਦੋਸਾਂਝ ਨੂੰ ਤਿੱਖੇ ਸਵਾਲ ਕੀਤੇ। ਉੱਜਲ ਦੋਸਾਂਝ ਦੀ ਜੀਵਨ ਸਾਥਣ ਸਰਦਾਰਨੀ ਰਾਮਿੰਦਰ ਕੌਰ ਦੋਸਾਂਝ ਨੇ ਕਿਹੀ ਕਿਅਗਲੇ ਸਾਲ ਮੈਨੂੰ ਕੈਨੇਡਾ ਵੱਸਦਿਆਂ ਪੰਜਾਹ ਸਾਲ ਹੋ ਜਾਣਗੇ ਪਰ ਇਨ੍ਹਾਂ ਪੰਜਾਬ ਸਾਲਾਂ ਵਿੱਚ ਇੱਕ ਵੀ ਕੰਮ ਲਈ ਨਾ ਕਦੇ ਕਿਸੇ ਮਹਿਕਮੇ ਨੂੰ ਰਿਸ਼ਵਤ ਦੇਣੀ ਪਈ ਹੈ ਤੇ ਨਾ ਹੀ ਸਿਫ਼ਾਰਿਸ਼ ਕਰਵਾਉਣੀ ਪਈ ਹੈ। ਇਹ ਤਦ ਹੀ ਸੰਭਵ ਹੁੰਦਾ ਹੈ ਜੇਕਰ ਹਰ ਨਾਗਰਿਕ ਆਪਣੇ ਆਗੂ ਨੂੰ ਨਿੱਕੇ ਕੰਮਾਂ ਲਈ ਨਾ ਵਰਤੇ। ਉਨ੍ਹਾਂ ਕਿਹਾ ਕਿ ਬਦੇਸ਼ੀਂ ਵਿਆਹੀਆਂ ਧੀਆਂ ਨੂੰ ਜੇਕਰ ਕੋਈ ਲਾੜਾ ਛੱਡਦਾ ਜਾਂ ਖੱਜਲ ਕਰਦਾ ਹੈ ਤਾਂ ਇਸ ਦਾ ਹੱਲ ਕਾਨੂੰਨਦੇ ਨਾਲ ਨਾਲ ਭਾਈਚਾਰਕ ਚੇਤਨਾ ਵਧਾਉਣ ਨਾਲ ਵੀ ਹੋ ਸਕਦਾ ਹੈ। ਕਾਲਿਜ ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਨੇ ਕਾਲਿਜ ਦੇ 100 ਸਾਲਾ ਇਤਿਹਾਸ ਤੇ ਮਾਣਯੋਗ ਪ੍ਰਾਪਤੀਆਂ ਦਾ ਲੇਖਾ ਜੋਖਾ ਦੱਸਿਆ। ਪੁਸਤਕ ਬਾਰੇ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼੍ਰੀ ਕੇ ਐੱਲ ਗਰਗ, ਡਾ: ਜਗਵਿੰਦਰ ਜੋਧਾ ਤੇ ਸਤੀਸ਼ ਗੁਲਾਟੀ ਨੇ ਵਿਸ਼ਾਲ ਜਾਣਕਾਰੀ ਦਿੱਤੀ। ਮੰਚ ਸੰਚਾਲਨ ਡਾ: ਅਸ਼ਵਨੀ ਭੱਲਾ ਨੇ ਕੀਤਾ। ਇਸ ਮੌਕੇ ਬੋਲਦਿਆਂ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਵਿੱਚ ਸਿੱਖਿਆ ਤੰਤਰ ਦੀ ਦੋਅਮਲੀ ਨੀਤੀ ਸਾਜ਼ਿਸ਼ਕਾਰੀ ਸੋਚ ਦਾ ਨਤੀਜਾ ਹੈ ਤਾਂ ਜੋ ਗਰੀਬ ਲੋਕਾਂ ਨੂੰ ਉਹ ਸਿੱਖਿਆ ਨਾ ਮਿਲ ਸਕੇ ਜਿਸ ਨਾਲ ਉਹ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝ ਤੇ ਜਾਣ ਸਕਣ। ਰਾਜਨੀਤਕ ਨੀਅਤ ਤੇ ਟੀਰੀ ਨੀਤੀ ਕਾਰਨ ਅਸਾਵਾਂਪਨ ਆ ਰਿਹਾ ਹੈ ਜਿਸ ਦਾ ਨਤੀਜਾ ਹਰ ਨੌਜਵਾਨ ਦੇ ਮਨ ਵਿੱਚ ਅਨਿਸ਼ਚਤ ਭਵਿੱਖ ਦੀ ਤਲਵਾਰ ਲਮਕਦੀ ਹੈ ਅਤੇ ਉਹ ਬਦੇਸ਼ ਵਾਸ ਨੂੰ ਪਹਿਲ ਦੇ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਉੱਜਲ ਦੋਸਾਂਝ ਦੇ ਦੇਸ਼ ਬਦੇਸ਼ ਦੇ ਤਜ਼ਰਬੇ ਨੌਜਵਾਨ ਬੱਚਿਆਂ ਲਈ ਮੁੱਲਵਾਨ ਹਨ। ਇਸਪਾਤੀ ਮਨੁੱਖ ਨਾਂ ਦੀ ਪੁਸਤਕ ਸਾਨੂੰ ਸੱਤ ਸਮੁੰਦਰੋਂ ਪਾਰ ਦੇ ਪੰਜਾਬੀ ਨੌਜਵਾਨ ਦੇ ਸੰਘਰਸ਼ ਦੀ ਦਾਸਤਾਨ ਹੈ। ਪ੍ਰੋ: ਭੱਠਲ ਨੇ ਗੌਰਮਿੰਟ ਕਾਲਿਜ ਨੂੰ 100 ਸਾਲ ਲੰਮਾ ਸਫ਼ ਸੰਪੂਰਨ ਕਰਨ ਤੇ ਮੁਬਾਰਕ ਦਿੰਦਿਆਂ ਕਿਹਾ ਕਿ 1954 ਵਿੱਚ ਇਸੇ ਕਾਲਿਜ ਦੇ ਅਧਿਆਪਕਾਂ ਨੇ ਹੀ ਡਾ: ਸ਼ੇਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਸਥਾਪਨਾ ਕੀਤੀ ਸੀ। ਡਾ: ਪਿਆਰ ਸਿੰਘ, ਡਾ: ਪਰਮਿੰਦਰ ਸਿੰਘ , ਡਾ: ਉਜਾਗਰ ਸਿੰਘ, ਪ੍ਰੋ: ਮ ਸ ਚੀਮਾ ਤੇ ਕਈ ਹੋਰ ਅਧਿਆਪਕ ਇਸ ਸੰਸਥਾ ਦੀ ਨੀਂਹ ਦੀਆਂ ਇੱਟਾਂ ਹਨ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ: ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਸਿਰੜ ਸਿਆਣਪ ਤੇ ਸਿਦਕਦਿਲੀ ਦਾ ਨਾਮ ਉੱਜਲ ਦੋਸਾਂਝ ਹੈ। ਉਨ੍ਹਾਂ ਕਿਹਾ ਕਿ ਆਪਣੀ ਜੀਵਨ ਸਾਥਣ ਰਾਮਿੰਦਰ ਨਾਲ ਸਮਤੋਲਵਾਂ ਸਫ਼ਰ ਕਰਦਿਆਂ ਬਦੇਸ਼ੀ ਧਰਤੀ ਤੇ ਗੂੜ੍ਹੀਆਂ ਪੈੜਾਂ ਕੀਤੀਆਂ ਹਨ। ਇਸ ਮੌਕੇ ਕਾਲਿਜ ਵੱਲੋਂ ਦੋਸਾਂਝ ਦੰਪਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਲੇਖਕ ਡਾ: ਗੁਰਇਕਬਾਲ ਸਿੰਘ,ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਬਲਕੌਰ ਸਿੰਘ ਗਿੱਲ, ਡਾ: ਸੰਦੀਪ ਕੌਰ ਸੇਖੋਂ,ਸੁਮਿਤ ਗੁਲਾਟੀ, ਅੰਜੂ ਗੁਲਾਟੀ , ਡਾ: ਹਰਬੰਸ ਸਿੰਘ, ਡਾ: ਮੁਕੇਸ਼ ਅਰੋੜਾ, ਡਾ: ਸੁਮੀਤ ਬਰਾੜ ਰੰਧਾਵਾ, ਪ੍ਰੋ: ਹਰਜਾਪ ਕੌਰ, ਡਾ: ਪਰਮਜੀਤ ਸਿੰਘ ਗਰੇਵਾਲ, ਡਾ: ਭਾਗਵੰਤੀ ਤੇ ਡਾ: ਅਮਨਦੀਪ ਬਾਜਵਾ ਸਮੇਤ ਅਨੇਕਾਂ ਸਿਰਕੱਢ ਵਿਅਕਤੀ ਹਾਜ਼ਰ ਸਨ।

ਐੱਸ.ਏ.ਐੱਸ. ਨਗਰ 04 ਅਪ੍ਰੈਲ 2019: ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਪ੍ਰਕਿਰਿਆ ਚਲ ਰਹੀ ਹੈ| ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜ੍ਹਾਉਣ ਦੇ ਇੱਛਕ ਹਨ| ਸਿੱਖਿਆ ਵਿਭਾਗ ਨੇ ਪਿਛਲੇ ਸੈਸ਼ਨ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਈ ਵੀ ਸ਼ੁਰੂ ਕਰਵਾਉਣ ਕਾਰਨ ਵਿਦਿਆਰਥੀ ਨਿਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਹਨ| ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਮੁਹੰਮਦ ਤਾਇਅਬ ਵੱਲੋਂ ਸਮੂਹ ਸਰਕਾਰੀ ਮਾਡਲ ਅਤੇ ਆਦਰਸ਼ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਹਨ ਕਿ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਵਿਭਾਗ ਵੱਲੋਂ ਮੁੜ ਫ਼ੈਸਲਾ ਕੀਤਾ ਗਿਆ ਹੈ ਕਿ ਦਾਖ਼ਲਾ ਮੁਹਿੰਮ ਤਹਿਤ ਵੱਧ ਤੋਂ ਵੱਧ ਬੱਚਿਆਂ ਦਾ ਦਾਖ਼ਲਾ ਕਰਨ ਲਈ ਕਿਸੇ ਵੀ ਸਰਕਾਰੀ ਸਕੂਲ ਵਿੱਚ ਲਾਟਰੀ ਸਿਸਟਮ ਰਾਹੀਂ ਦਾਖ਼ਲਾ ਨਹੀਂ ਕੀਤਾ ਜਾਵੇਗਾ| ਸਗੋਂ ਜਿੰਨ੍ਹੇ ਵੀ ਬੱਚਿਆਂ ਦੇ ਦਾਖ਼ਲਾ ਫਾਰਮ ਆਏ ਹਨ ਉਹਨਾਂ ਨੂੰ ਸਕੂਲ਼ ਵਿੱਚ ਦਾਖ਼ਲਾ ਦੇ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਦਾਖ਼ਲਾ ਲੈ ਕੇ ਅੰਗਰੇਜ਼ੀ ਮਾਧਿਅਮ ਵਿੱਚ ਵਿੱਦਿਆ ਪ੍ਰਾਪਤ ਕਰ ਸਕਣ| ਜਿਕਰਯੋਗ ਹੈ ਕਿ ਪੰਜਾਬ ਦੇ ਵਿੱਚ 21 ਮਾਡਲ ਸਕੂਲ (ਰਮਸਾ) ਅਤੇ 6 ਆਦਰਸ਼ ਸਕੂਲ (ਰਮਸਾ) ਦੇ ਚਲ ਰਹੇ ਹਨ| ਇਹਨਾਂ ਸਕੂਲਾਂ ਦੀ ਦਾਖ਼ਲਾ ਪ੍ਰਕਿਰਿਆ ਵਿੱਚ ਛੇਵੀਂ ਅਤੇ ਕੇ.ਜੀ. ਕ੍ਰਮਵਾਰ ਲਾਟਰੀ ਸਿਸਟਮ ਰਾਹੀਂ ਬੱਚਿਆਂ ਨੂੰ ਦਾਖ਼ਲ ਕੀਤਾ ਜਾਂਦਾ ਸੀ| ਇਹਨਾਂ ਸਕੂਲਾਂ ਵਿੱਚ ਹਰੇਕ ਜਮਾਤ ਵਿੱਚ ਵੱਧ ਤੋਂ ਵੱਧ ਸੱਤਰ ਵਿਦਿਆਰਥੀ ਹੀ ਦਾਖ਼ਲ ਕੀਤੇ ਜਾਂਦੇ ਸਨ| ਹੁਣ ਇਹਨਾਂ ਸਕੂਲਾਂ ਵਿੱਚ ਮਾਪਿਆਂ ਨੂੰ ਕਿਸੇ ਵੀ ਕਿਸਮ ਦੀ ਵੇਟਿੰਗ ਸੂਚੀ ਜਾਂ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ| ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਕੋਲ ਮਾਪਿਆਂ ਦੀ ਮੰਗਾਂ ਵੱਖ-ਵੱਖ ਮਾਧਿਅਮਾਂ ਰਾਹੀਂ ਪਹੁੰਚ ਰਹੀਆਂ ਸਨ ਕਿ ਅੰਗਰੇਜ਼ੀ ਮਾਧਿਅਮ ਦੀ ਸਹੂਲਤ ਸ਼ੁਰੂ ਕਰਨ ਨਾਲ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਹਨ| ਪਰ ਸਕੂਲਾਂ ਵਿੱਚ ਲਾਟਰੀ ਸਿਸਟਮ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਪਾ ਰਹੇ| ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਹੁਣ ਵੀ ਬਹੁਤ ਸਾਰੇ ਸਕੂਲ ਮੁੱਖੀ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਸਕੂਲ ਨੂੰ ਵੀ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਉਹ ਵੀ ਵਿਦਿਆਰਥੀਆਂ ਦਾ ਦਾਖ਼ਲਾ ਵਧਾ ਸਕਣ| ਇਸ ਲਈ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਤੋਂ ਜਮਾਤ ਅਨੁਸਾਰ ਵੱਧ ਤੋਂ ਵੱਧ 70 ਵਿਦਿਆਰਥੀ ਦਾਖ਼ਲ ਕਰਨ ਦੀ ਕੈਪਿੰਗ ਖਤਮ ਕਰ ਦਿੱਤੀ ਗਈ ਹੈ| ਹੁਣ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਦਾਖ਼ਲ ਕਰਵਾ ਸਕਦੇ ਹਨ

ਰਾਜਪੁਰਾ, 03 ਅਪ੍ਰੈਲ 2019 -: ਰਾਜਪੁਰਾ ਸ਼ਹਿਰੀ ਪੁਲਿਸ ਨੇ ਰਾਜਪੁਰਾ ਅੰਬਾਲਾ ਮੁਖ ਮਾਰਗ ‘ਤੇ ਸਥਿਤ ਮਿਡਵੇ ਢਾਬੇ ਨੇੜੇ ਕੀਤੀ ਨਾਕਾਬੰਦੀ ਦੋਰਾਨ ਇਕ ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।ਰਾਜਪੁਰਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੋਰਾਨ ਡੀਐਸਪੀ ਰਾਜਪੁਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਥਾਣਾ ਸਿਟੀ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਕਸਤੂਰਬਾ ਪੁਲਿਸ ਚੋਂਕੀ ਇੰਚਾਰਜ ਐਸ.ਆਈ. ਮਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਾਜਪੁਰਾ ਅੰਬਾਲਾ ਮੁਖ ਮਾਰਗ ‘ਤੇ ਪੈਂਦੇ ਮਿਡਵੇ ਢਾਬਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੋਰਾਨ ਅੰਬਾਲਾ ਵਲੋਂ ਆ ਰਹੀ ਸਰਕਾਰੀ ਪੀ.ਆਰ.ਟੀ.ਸੀ. ਦੀ ਬੱਸ ਨੂੰ ਰੋਕ ਕੇ ਚੈਕਿੰਗ ਕਰਨ ਲਈ ਜਦੋਂ ੁਪੁਲਿਸ ਬੱਸ ਅੰਦਰ ਦਾਖਲ ਹੋਈ ਤਾਂ ਇਕ ਵਿਅਕਤੀ ਪੁਲਿਸ ਨੂੰ ਦੇਖ ਕੇ ਇਕਦਮ ਖੜਾ ਹੋ ਗਿਆ ।ਇਸ ਦੋਰਾਨ ਸੱਕ ਪੈਣ ‘ਤੇ ਜਦੋਂ ਵਿਅਕਤੀ ਦੇ ਹੱਥ ਵਿੱਚ ਫੜੇ ਲਫਾਫੇ ਦੀ ਚੈਕਿੰਗ ਕੀਤੀ ਤਾਂ 2 ਕਿਲੋ ਅਫੀਮ ਬਰਾਮਦ ਹੋਈ ।ਪੁਲਿਸ ਨੇ ਦੋਸ਼ੀ ਨੂੰ ਮੋਕੇ ‘ਤੇ ਗ੍ਰਿਫਤਾਰ ਕਰ ਲਿਆ ।ਡੀਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਫੀਮ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਕਾਲਾ ਪੁਤਰ ਅਮਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆਇਆ ਸੀ ।ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਪਹਿਲਾ ਵੀ ਤਿੰਨ ਮਾਮਲੇ ਦਰਜ ਹਨ ਜਿਨ੍ਹਾਂ ਦੇ ਕਰਕੇ ਲੁਧਿਆਣਾ ਜੇਲ ਵਿੱਚ ਸਜਾ ਕੱਟ ਰਿਹਾ ਸੀ ਅਤੇ ਪੈਰੋਲ ਰਿਹਾਈ ‘ਤੇ ਛੁੱਟੀ ਆਇਆ ਸੀ ।ਪੁਲਿਸ ਨੇ ਦੋਸ਼ੀ ਵਿਅਕਤੀ ਖਿਲਾਫ ਐਨ.ਡੀ.ਪੀ.ਸੀ. ਐਕਤ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਭਿੱਖੀਵਿੰਡ 02 ਅਪ੍ਰੈਲ 2019 : ਲਿਬਨਾਨ ਸਰਕਾਰ ਨੇ ਮੇਰੇ ਭਰਾ ਗੁਰਵਲਜੀਤ ਸਿੰਘ ਦੇ ਕਾਤਲਾਂ ਨੂੰ ਸਜ਼ਾ ਤਾਂ ਪਤਾ ਨਹੀ ਕਦੋਂ ਦੇਣੀ ਹੈ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਲਾਸ਼ ਨੂੰ ਵਾਪਸ ਭਾਰਤ ਨਾ ਭੇਜ ਕੇ ਸਾਡੇ ਪਰਿਵਾਰ ‘ਤੇ ਕਹਿਰ ਕਮਾ ਰਹੀ ਹੈ। ਇਹ ਸ਼ਬਦ ਉਸ ਕਿਸਮਤ ਦੀ ਮਾਰੀ ਭੈਣ ਕਿਰਨਦੀਪ ਕੌਰ ਵਾਸੀ ਬਲ੍ਹੇਰ ਦੇ ਹਨ, ਜਿਸ ਦਾ ਭਰਾ ਗੁਰਲਵਜੀਤ ਸਿੰਘ (19) ਛੋਟੀ ਉਮਰੇ ਰੋਜ਼ੀ-ਰੋਟੀ ਖਾਤਰ ਅੱਠ ਮਹੀਨੇ ਪਹਿਲਾਂ ਵਿਦੇਸ਼ ਦੀ ਧਰਤੀ ਲਿਬਨਾਨ ‘ਚ ਗਿਆ ਸੀ ਅਤੇ ਦਸ ਦਿਨ ਪਹਿਲਾਂ ਲਿਬਨਾਨ ਦੇ ਸ਼ਹਿਰ ਯਾਲਾ ਵਿਖੇ ਉਥੋਂ ਦੇ ਵਸਨੀਕ ਮੁਸਲਮਾਨ ਵਿਅਕਤੀਆਂ ਵੱਲੋਂ ਗੁਰਲਵਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਪਣੇ ਨੌਜਵਾਨ ਪੁੱਤਰ ਦੀ ਕਤਲ ਬਾਰੇ ਸੁਣ ਕੇ ਪਿਤਾ ਹਰਦੇਵ ਸਿੰਘ ਤੇ ਦੋ ਮਾਸੂਮ ਭਰਾ ਗਮ ਵਿਚ ਡੁੱਬੇ ਲਾਸ਼ ਦੀ ਉਡੀਕ ਕਰ ਰਹੇ ਹਨ, ਉਥੇ ਮਾਂ ਗੁਰਮੀਤ ਕੌਰ ਅਜੇ ਤੱਕ ਇਹ ਮੰਨਣ ਨੂੰ ਤਿਆਰ ਨਹੀ ਹੈ ਕਿ ਉਸਦਾ ਗੁਰਲਵਜੀਤ ਸਿੰਘ ਜਾਲਮ ਦਰਿੰਦੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਆਪਣੇ ਭਰਾ ਦੀ ਮੌਤ ਤੋਂ ਭੈ-ਭੀਤ ਹੋਈ ਭੈਣ ਕਿਰਨਦੀਪ ਕੌਰ ਨੇ ਹਾਉਕੇ ਭਰਦਿਆਂ ਕਿਹਾ ਕਿ ਜੇਕਰ ਸਾਡੇ ਭਰਾ ਨੇ ਕੋਈ ਗਲਤੀ ਕੀਤੀ ਸੀ ਤਾਂ ਉਸਨੇ ਕਾਨੂੰਨ ਅਨੁਸਾਰ ਸਜ਼ਾ ਕੱਟ ਕੇ ਵਾਪਸ ਘਰ ਆ ਜਾਣਾ ਸੀ, ਪਰ ਜ਼ਾਲਮ ਦਰਿੰਦੇ ਨੇ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਸਾਡੇ ਘਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ ਹੈ, ਜਿਸ ਦਾ ਸਾਨੂੰ ਭਾਰੀ ਗਮ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭੈਣ ਕਿਰਨਦੀਪ ਕੌਰ ਨੇ ਸਮਾਜਸੇਵੀ ਸੰਸਥਾਵਾਂ ਤੇ ਵਿਦੇਸ਼ ਮੰਤਰਾਲੇ ਕੋਲੋਂ ਜੋਰਦਾਰ ਮੰਗ ਕੀਤੀ ਕਿ ਮੇਰੇ ਭਰਾ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਉਸਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕੀਏ।

ਪੰਚਕੂਲਾ ,- : ਬੀ ਜੇ ਪੀ ਡੀ ਕੌਮੀ ਐਗਜ਼ੈਕਟਿਵ ਦੇ ਮੈਂਬਰ ਅਤੇ ਪੰਜਾਬ ਬੀ ਜੇ ਪੀ ਡੀ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਖਰੜ 'ਚ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕੀਤੀ ਗਈ ਲੇਡੀ ਸਿਹਤ ਅਧਿਕਾਰੀ ਨੇਹਾ ਸ਼ੋਰੀ ਮੋਂਗਾ ਦੇ ਕਤਲ ਦੀ ਜਾਂਚ ਸੀ ਬੀ ਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਹੈ .ਇਹ ਜਾਂਚ ਉਨ੍ਹਾਂ ਅੱਜ ਪੰਚਕੂਲਾ ਵਿਚ ਨੇਹਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਮੌਕੇ ਕੀਤੀ . ਪੰਜਾਬ ਸਰਕਾਰ 'ਤੇ ਵਰ੍ਹਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਨਸ਼ੇ ਵਿਚ ਗ਼ਲਤਾਨ ਹੋ ਕੇ ਆਪਣਾ-ਆਪ ਗੁਆ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਮਨੋਰਥ ਨਾਲ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਨ ਵਾਲੀ ਮਹਿਲਾ ਅਧਿਕਾਰੀ ਦੇ ਹੋਏ ਕਤਲ ਨੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ । ਮਿਰਤਕ ਅਧਿਕਾਰੀ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਦਕਾ ਮਾੜੇ ਅਨਸਰਾਂ ਅੱਗੇ ਨਿਹੱਥੀ ਹੋਈ ਪੰਜਾਬ ਪੁਲਿਸ ਦਾ ਬੇਵੱਸ ਹੋਣ ਸਪਸ਼ਟ ਹੋ ਰਿਹਾ ਹੈ। ਕਮਲ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਰਾਖੇ ਫ਼ੌਜੀ ਅਫ਼ਸਰ ਦੀ ਧੀ ਹੋਣ ਸਦਕਾ ਜਿੱਥੇ ਡਾ: ਨੇਹਾ ਸ਼ੋਰੀ ਮੋਂਗਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਨ ਲੱਗਿਆ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਉੱਥੇ ਕਤਲ ਕਰਨ ਵਾਲਿਆਂ ਨੂੰ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਅਸਲਾ ਲਾਇਸੰਸ ਜਾਰੀ ਕਰਕੇ ਡਿਪਟੀ ਕਮਿਸ਼ਨਰ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਚੋਣ ਜ਼ਾਬਤੇ ਦੀ ਪ੍ਰਵਾਹ ਕੀਤੇ ਬਿਨਾਂ ਅਸਲਾ ਲਾਇਸੰਸ ਜਾਰੀ ਹੁੰਦਾ ਹੈ ਤੇ ਅਗਲੇ ਹੀ ਦਿਨ ਅਸਲਾ ਖ਼ਰੀਦਣ ਵਾਲਾ ਵਿਅਕਤੀ ਤਹਿਸੀਲਦਾਰ ਜਾਂ ਸਮਰੱਥ ਅਧਿਕਾਰੀ ਨੂੰ ਚੈੱਕ ਕਰਵਾਏ ਬਿਨਾਂ ਹੀ ਅਸਲਾ ਆਪਣੀ ਡੱਬ ਵਿਚ ਟੰਗ ਕੇ ਖ਼ੂਨੀ ਸਾਕੇ ਨੂੰ ਅੰਜਾਮ ਦੇਣ ਦੀਆਂ ਵਿਉਂਤਾਂ ਘੜਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਲਕਵਾ ਗ੍ਰਸਤ ਹੋਇਆ ਜਾਪ ਰਿਹੈ, ਕਿਉਂਕਿ ਅਮਨ ਪਸੰਦ ਨਾਗਰਿਕਾਂ ਨੂੰ ਪੁਲਿਸ ਵੱਲੋਂ ਜ਼ਾਬਤਾ ਲਾਗੂ ਹੁੰਦਿਆਂ ਹੀ ਹਥਿਆਰ ਜਮ੍ਹਾ ਕਰਵਾਉਣ ਦੀ ਤਾਕੀਦ ਕੀਤੀ ਜਾਂਦੀ ਹੈ, ਪ੍ਰੰਤੂ ਅਜਿਹੇ ਅਨਸਰਾਂ ਨੂੰ ਅਸਲਾ ਲਾਇਸੰਸ ਜਾਰੀ ਕੀਤੇ ਜਾਂਦੇ ਹਨ। ਜਮਾਂ ਵਿਚ ਗ਼ਲਤਾਨ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਡਾ: ਨੇਹਾ ਮੋਂਗਾ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਵਿਚ ਵੜ ਕੇ ਕਤਲ ਕਰਨ ਵਾਲਿਆਂ ਨੂੰ ਕਿਸਦੀ ਸ਼ਹਿ ਹੋਵੇਗੀ ਇਸ ਬਾਰੇ ਸੋਚਣਾ ਵੀ ਅਤਿ ਜ਼ਰੂਰੀ ਹੈ, ਕਿਉਂਕਿ ਮਹਿਲਾ ਅਧਿਕਾਰੀ ਦੇ ਕਤਲ ਹੋਣ ਬਾਅਦ ਕੁਝ ਪਲਾਂ 'ਚ ਪੁਲਿਸ ਵੱਲੋਂ ਇਹ ਬਿਆਨ ਦੇਣਾ ਕਿ ਹੱਤਿਆ ਦਾ ਸਬੰਧ 11 ਸਾਲ ਪੁਰਾਣੇ ਮਾਮਲੇ ਨਾਲ ਹੈ, ਕਿਉਂਕਿ ਉਕਤ ਮਹਿਲਾ ਅਧਿਕਾਰੀ ਨੇ ਹਤਿਆਰੇ ਤੋਂ ਨਸ਼ੇ ਦੀਆਂ ਦਵਾਈਆਂ ਬਰਾਮਦ ਕਰਕੇ ਉਸਦਾ ਮੈਡੀਕਲ ਲਾਇਸੰਸ ਰੱਦ ਕੀਤਾ ਸੀ। ਸ਼ਰਮਾ ਨੇ ਕਿਹਾ ਕਿ ਇਸ ਥਿਊਰੀ 'ਤੇ ਮ੍ਰਿਤਕ ਮਹਿਲਾ ਅਧਿਕਾਰੀ ਦਾ ਪਰਿਵਾਰ ਕਤਈ ਸਹਿਮਤ ਨਹੀਂ ਹੈ ਅਤੇ ਉਨ੍ਹਾਂ ਦਾ ਖ਼ਦਸ਼ਾ ਹੈ ਕਿ ਇਸ ਹੱਤਿਆ ਪਿੱਛੇ ਨਸ਼ੇ ਦੇ ਵੱਡੇ ਸੌਦਾਗਰਾਂ ਦਾ ਹੱਥ ਹੋ ਸਕਦਾ ਹੈ। ਇਸ ਲਈ ਪਰਿਵਾਰ ਦੇ ਮੁਤਾਲਬੇ ਮੁਤਾਬਿਕ ਪੰਜਾਬ ਸਰਕਾਰ ਨੂੰ ਇਸ ਹੱਤਿਆ ਦੀ ਜਾਂਚ ਵਾਸਤੇ ਸੀ.ਬੀ.ਆਈ ਨੂੰ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਡਾ: ਨੇਹਾ ਦੀ ਅੰਤਿਮ ਅਰਦਾਸ ਵਿਚ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਦੇ ਸ਼ਿਰਕਤ ਨਾ ਕਰਨ 'ਤੇ ਦੁੱਖ ਜ਼ਾਹਿਰ ਕਰਦਿਆਂ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਬਹਾਦਰ ਮਹਿਲਾ ਅਧਿਕਾਰੀ ਦੀ ਆਪਣੀ ਡਿਊਟੀ ਦੌਰਾਨ ਹੱਤਿਆ ਹੋਣ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਜਾਂ ਕਿਸੇ ਵੀ ਮੰਤਰੀ ਦਾ ਨਾ ਪਹੁੰਚਣਾ ਸਰਕਾਰ ਦੀ ਕਹਿਣੀ ਤੇ ਕਥਨੀ ਵਿਚਲੇ ਫ਼ਰਕ ਦਾ ਸਬੂਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੇਜਾਂ 'ਤੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਦਿਆਂ ਮੁੱਖ ਮੰਤਰੀ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਗਏ ਹੋਣ, ਪ੍ਰੰਤੂ ਸਤ੍ਹਾ ਵਿਚ ਆਉਂਦਿਆਂ ਆਪਣੇ ਵਾਅਦੇ ਵਗਾਹ ਕੇ ਮਾਰਨ ਵਾਲੀ ਕੈਪਟਨ ਸਰਕਾਰ ਨੇ ਬੇਪ੍ਰਵਾਹ ਹੋਣ ਦਾ ਸਬੂਤ ਦਿੱਤਾ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

ਭਾਦਸੋਂ, : ਪਿੰਡ ਸੁਧੇਵਾਲ 'ਚ ਇਕ 24 ਸਾਲਾ ਨਵ-ਵਿਆਹੁਤਾ ਵਲੋਂ ਆਪਣੇ ਪੇਕੇ ਘਰ 'ਚ ਹੀ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੇ ਪਿਤਾ ਸੁਦਾਗਰ ਖਾਂ ਨੇ ਦੱਸਿਆ ਕਿ ਉਸ ਦੀ ਲੜਕੀ ਸਲਮਾ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਪਿੰਡ ਲੱਧਾਹੇੜੀ ਵਿਖੇ ਰਵੀ ਖਾਨ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰੇ ਪਰਿਵਾਰ ਵਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ, ਜਿਸ ਕਾਰਨ ਉਨ੍ਹਾਂ ਦੀ ਧੀ ਕਾਫੀ ਪਰੇਸ਼ਾਨ ਰਹਿੰਦੀ ਸੀ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਥਾਣਾ ਭਾਦਸੋਂ ਦੇ ਏ. ਐੈੱਸ. ਆਈ. ਹਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਿੰਡ ਸੁਧੇਵਾਲ ਵਿਖੇ ਪੁੱਜੇ। ਏ. ਐਸ. ਆਈ. ਹਰਜਿੰਦਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਨਾਭਾ ਵਿਖੇ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਚਮਕੌਰ ਸਾਹਿਬ , 29 ਮਾਰਚ , 2019 ; ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿਖੇ ਪੰਜਾਬ ਦੇ 24 ਸਾਲਾ ਨੋਜਵਾਨ ਦੀ ਕਾਰ ਵਿੱਚ ਮੌਤ ਹੋ ਗਈ ਹੈ। ਜਸਜੀਤ ਸਿੰਘ ਤੁੰਗ ਨਾਮੀ ਇਹ ਨੌਜਵਾਨ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਬਸੀ ਗੁੱਜਰਾਂ ਤੋਂ ਦੱਸਿਆ ਜਾ ਰਿਹਾ ਹੈ। ਨਿਊਜ਼ 18 ਦੀ ਰਿਪੋਰਟ ਅਨੁਸਾਰ ਜਸਜੀਤ ਸਿੰਘ ਦੇ ਤਾਇਆ ਠੇਕੇਦਾਰ ਕੁਲਵੰਤ ਸਿੰਘ ਤੁੰਗ ਨੇ ਦੱਸਿਆ ਕਿ ਜਸਜੀਤ ਸਿੰਘ ਅਜੇ 3 ਕੂ ਮਹੀਨਾ ਪਹਿਲਾ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ ਕਿ ਆਪਣੇ ਕੰਮ ਤੋਂ ਵਾਪਸੀ ਸਮੇਂ ਉਸ ਦੀ ਕਾਰ 'ਚ ਹੀ ਮੌਤ ਹੋ ਗਈ । ਉਹ ਉੱਥੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।ਗੱਡੀ ਵਿੱਚ ਸ਼ੀਸ਼ੇ ਬੰਦ ਹੋਣ ਦੀ ਵਜ੍ਹਾ ਕਾਰਨ ਅਮੋਨੀਆ ਗੈਸ ਚੱਲ ਗਈ, ਜਿਸਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਸਜੀਤ ਸਿੰਘ ਦੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ ਤੇ ਉੱਥੇ ਦੀ ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਦੱਸਿਆ ਹੈ। ਇਸ ਮੌਤ ਦੀ ਖ਼ਬਰ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਜਸਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ 'ਚ ਸੋਮਵਾਰ ਜਾਂ ਮੰਗਲਵਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਫਿਰੋਜ਼ਪੁਰ 25 ਮਾਰਚ -ਯੂਥ ਕਾਂਗਰਸ ਵਿੱਚ ਕੌਮੀ ਸਕੱਤਰ ਦੇ ਨਾਲ ਨਾਲ ਗੁਜਰਾਤ ਵਿੱਚ ਕਾਂਗਰਸ ਪਾਰਟੀ ਲਈ ਸਰਗਰਮ ਭੂਮਿਕਾ ਨਿਭਾ ਰਹੇ, ਪੰਜਾਬ ਦੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਨਾਲ ਸਬੰਧਤ ਯੁਵਾ ਆਗੂ ਗੁਰਭੇਜ ਸਿੰਘ ਟਿੱਬੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਜਰਨਲ ਸਕੱਤਰ ਪ੍ਰਿਆਂਕਾ ਗਾਂਧੀ ਦੇ ਨਿਰਦੇਸ਼ਾਂ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਦੀ ਸਿਫ਼ਾਰਸ਼ 'ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿਭਾਗ ਦੇ ਚੇਅਰਮੈਨ ਤਮਰਾਓਧਵਜ ਸਾਹੂ (ਗ੍ਰਹਿ ਮੰਤਰੀ, ਛੱਤੀਸਗੜ੍ਹ) ਵੱਲੋਂ ਗੁਰਭੇਜ ਸਿੰਘ ਟਿੱਬੀ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਵਿੱਚ ਅਹਿਮ ਸਥਾਨ ਦਿੰਦਿਆਂ ਜੁਆਂਇਟ ਨੈਸ਼ਨਲ ਕੁਆਡੀਨੇਟਰ ਓ.ਬੀ.ਸੀ.ਵਿਭਾਗ ਲਗਾਇਆ ਗਿਆ ਹੈ, ਹੁਣ ਗੁਰਭੇਜ ਟਿੱਬੀ ਗੁਜਰਾਤ ਰਾਜ ਦੇ ਨਾਲ ਨਾਲ ਦਮਨ ਤੇ ਦਿਊ ਰਾਜ ਦੀ ਜ਼ਿਮੇਦਾਰੀ ਵੀ ਦੇਖਣਗੇ। ਜਿਕਰਯੋਗ ਹੈ ਕਿ ਆਪਣੇ ਕੰਬੋਜ਼ ਭਾਈਚਾਰੇ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਵਜੋਂ ਕਾਰਜਸ਼ੀਲ ਗੁਰਭੇਜ ਸਿੰਘ ਟਿੱਬੀ ਪੰਜਾਬ, ਯੂ.ਪੀ., ਹਰਿਆਣਾ, ਉਤਰਾਖੰਡ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਆਪਣੇ ਭਾਈਚਾਰੇ ਦੇ ਨਾਲ ਨਾਲ ਸਮੁੱਚੇ ਓ.ਬੀ.ਸੀ ਭਾਈਚਾਰੇ 'ਤੇ ਚੰਗੀ ਪਕੜ ਰੱਖਣ ਵਾਲੇ ਨੌਜਵਾਨ ਦਾ ਫ਼ਾਇਦਾ ਲੈਣ ਲਈ ਕਾਂਗਰਸ ਪਾਰਟੀ ਨੇ ਕੌਮੀ ਪੱਧਰ 'ਤੇ ਜਿੰਮੇਦਾਰੀ ਦੇਕੇ ਸਿਆਸੀ ਪੱਤਾ ਖੇਡਿਆ ਹੈ। ਗੁੁੁਰਭੇੇਜ ਟਿੱਬੀ ਦੀ ਇਸ ਨਿਯੁਕਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਚੌਧਰੀ ਸੁਨੀਲ ਜਾਖੜ, ਕੈਪਟਨ ਸੰਦੀਪ ਸੰਧੂ, ਵਿਧਾਇਕ ਅਮਰਿੰਦਰ ਸਿੰਘ ਰਾਜਾ ਬਰਾੜ, ਯੂਥ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਬੀ.ਵੀ ਨਿਵਾਸ, ਹਰਦਿਆਲ ਸਿੰਘ ਕੰਬੋਜ , ਮਦਨ ਲਾਲ ਜਲਾਲਪੁਰ, ਕੁਲਬੀਰ ਸਿੰਘ ਜ਼ੀਰਾ, ਬਰਿੰਦਰ ਸਿੰਘ ਪਾਹੜਾ, ਗੁਲਾਬ ਸਿੰਘ ਰਾਜਪੂਤ ਪ੍ਰਧਾਨ ਗੁਜਰਾਤ ਯੂਥ ਕਾਂਗਰਸ ਨੇ ਗੁਰਭੇਜ ਟਿੱਬੀ ਨੂੰ ਮੁਬਾਰਕਾਂ ਦਿੱਤੀਆਂ। ਗੱਲਬਾਤ ਦੌਰਾਨ ਗੁਰਭੇਜ ਟਿੱਬੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਫ਼ਤਹਿਗੜ੍ਹ ਸਾਹਿਬ, 22 ਮਾਰਚ:-(ਦੀਦਾਰ ਗੁਰਨਾ ) ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਤੇ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਟਰੱਕ ਵਿੱਚੋਂ 01 ਕੁਇੰਟਲ 25 ਕਿਲੋ ਭੂੱਕੀ ਚੂਰਾ ਪੋਸਤ ਸਮੇਤ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਹੋਰ ਵਿਸ਼ੇਸ਼ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ 3400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ, ਡੀ.ਐਸ.ਪੀ. ਅਮਲੋਹ ਸ. ਗੁਰਸ਼ੇਰ ਸਿੰਘ ਸੰਧੂ ਅਤੇ ਡੀ.ਐਸ.ਪੀ. ਕਰਾਈਮ ਫ਼ਤਹਿਗੜ੍ਹ ਸਾਹਿਬ ਸ਼੍ਰੀ ਜਸਵਿੰਦਰ ਸਿੰਘ ਸਮੇਤ ਸੀ.ਆਈ.ਏ ਸਟਾਫ ਦੇ ਇੰਚਾਰਜ ਰਾਜਪਾਲ ਸਿੰਘ ਵੀ ਮੌਜੂਦ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐਸ.ਪੀ. (ਜਾਂਚ) ਅਤੇ ਡੀ.ਐਸ.ਪੀ. ਕਰਾਈਮ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਇੰਚਾਰਜ ਦੀ ਅਗਵਾਈ ਵਿੱਚ ਏ.ਐਸ.ਆਈ. ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਚੈਕਿੰਗ ਲਈ ਅਮਲੋਹ ਦੇ ਢੋਲਾਂ ਵਾਲਾ ਚੌਂਕ ਵਿਖੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ, ਜਿਥੇ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾਂ ਮਿਲੀ ਸੀ ਕਿ ਦੋ ਸਕੇ ਭਰਾ ਓਂਕਾਰ ਸਿੰਘ ਅਤੇ ਭਵਖੰਡਨ ਸਿੰਘ ਉਰਫ ਬਿੱਟੂ ਵਾਸੀ ਪਿੰਡ ਅਲਾਦਾਦਪੁਰ (ਅਮਲੋਹ), ਜੋ ਕਿ ਟਰੱਕ ਡਰਾਇਵਰੀ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਭੂੱਕੀ ਚੂਰਾ ਪੋਸਤ ਲਿਆ ਕੇ ਅਮਲੋਹ ਅਤੇ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਵੇਚਦੇ ਹਨ, ਜਿਸ ਦੇ ਆਧਾਰ 'ਤੇ ਸੀ.ਆਈ.ਏ. ਦੀ ਪੁਲਿਸ ਪਾਰਟੀ ਵੱਲੋਂ ਟੀ -ਪੁਆਂਇੰਟ ਬੁੱਗਾ ਕੈਂਚੀਆਂ ਅਮਲੋਹ ਵਿਖੇ ਨਾਕਾਬੰਦੀ ਦੌਰਾਨ ਟਰੱਕ ਨੰਬਰ ਪੀ.ਬੀ.-23 ਐਮ-2709 ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ 'ਤੇ ਟਰੱਕ ਦੇ ਕੈਬਿਨ ਵਿੱਚੋਂ ਡਰਾਈਵਰ/ਕੰਡਕਟਰ ਦੀ ਪਿਛਲੀ ਸੀਟ 'ਤੇ ਪੰਜ ਥੈਲੇ ਭੂੱਕੀ, ਚੂਰਾ ਪੋਸਤ ਜਿਸ ਦਾ ਵਜ਼ਨ 01 ਕੁਇੰਟਲ 25 ਕਿਲੋ ਬਣਦਾ ਹੈ, ਬਰਾਮਦ ਕੀਤੀ ਗਈ ਅਤੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਅਮਲੋਹ ਵਿਖੇ ਪਰਚਾ ਦਰਜ਼ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਮੂਲੇਪੁਰ ਇੰਸਪੈਕਟਰ ਭਗਵੰਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਨਾਇਬ ਸਿੰਘ ਸਮੇਤ ਪੁਲਿਸ ਪਾਰਟੀ ਨੇ ਜੀ.ਟੀ. ਰੋਡ ਨੇੜੇ ਮੈਕਡੋਨਾਲਡ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ, ਪੁਲਿਸ ਪਾਰਟੀ ਵੱਲੋਂ ਮੋਟਰ ਸਾਈਕਲ ਨੰਬਰ ਐਚ.ਆਰ-01 ਐਕਸ-2675 ਹੀਰੋ ਹੋਂਡਾ ਪੈਸ਼ਨ ਸਵਾਰ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਦੀ ਪਹਿਚਾਣ ਵਿਜੇ ਕੁਮਾਰ ਉਰਫ ਮੋਨੂੰ ਵਾਸੀ ਬਲਦੇਵ ਨਗਰ ਅੰਬਾਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਮੋਟਰ ਸਾਈਕਲ ਦੇ ਹੈਂਡਲ 'ਤੇ ਬੰਨੇ ਝੋਲੇ ਵਿੱਚੋਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਸੁਰਾਗ ਮਿਲਣ ਦੇ ਆਸਾਰ ਹਨ।