:
You are here: Home

6 ਕਿੱਲੋ ਅਫੀਮ ਸਮੇਤ ਤਸਕਰ ਕਾਬੂ Featured

Written by  Published in ਖਾਸ ਖਬਰਾਂ Tuesday, 19 March 2019 05:05
Rate this item
(0 votes)

ਫ਼ਤਹਿਗੜ੍ਹ ਸਾਹਿਬ - ਫ਼ਤਹਿਗੜ੍ਹ ਸਾਹਿਬ ਪੁਲਸ ਵੱਲੋਂ 6 ਕਿਲੋ ਅਫੀਮ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਅਤੇ 9 ਵਿਅਕਤੀਆਂ ਪਾਸੋਂ ਨਜਾਇਜ਼ ਸ਼ਰਾਬ ਦੀਆਂ 11 ਹਜ਼ਾਰ 544 ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਅਫਸਰ ਥਾਣਾ ਫ਼ਤਹਿਗੜ੍ਹ ਸਾਹਿਬ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ਹੇਠ ਏ. ਅੱੈਸ. ਆਈ. ਗੁਰਮੀਤ ਕੁਮਾਰ ਜੋ ਕਿ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ, ਡਿਫੈਂਸ ਬੰਨ੍ਹ ਰੋਡ ਤੋਂ ਮਦਰਾਸੀ ਕਾਲੋਨੀ ਵੱਲ ਨੂੰ ਜਾ ਰਹੇ ਇੱਕ ਵਿਅਕਤੀ ਜਿਸ ਦੇ ਮੋਢੇ ਵਿੱਚ ਬੈਗ ਲਟਕਾਇਆ ਹੋਇਆ ਸੀ, ਨੂੰ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਿੰਦਰ ਸਾਹਨੀ ਵਾਸੀ ਕੁਰਾਲ ਜ਼ਿਲ੍ਹਾ ਮਤੇਹਾਰੀ ਬਿਹਾਰ ਦੱਸਿਆ ਅਤੇ ਮੌਕੇ 'ਤੇ ਤਲਾਸ਼ੀ ਲਈ ਗਈ ਤੇ ਬੈਗ ਵਿੱਚੋਂ 6 ਕਿਲੋ ਅਫੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਚੈਕਿੰਗ ਦੌਰਾਨ 9 ਵਿਅਕਤੀਆਂ ਨੂੰ ਕਾਬੂ ਕਰਕੇ 962 ਪੇਟੀਆਂ (11 ਹਜ਼ਾਰ 54 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਦੇ ਥਾਣੇਦਾਰ ਗਗਨਪ੍ਰੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਬਡਾਲਾ ਚੌਂਕ 'ਤੇ ਅੰਗਰੇਜੀ ਅਤੇ ਦੇਸੀ ਸ਼ਰਾਬ ਦਾ ਨਜਾਇਜ਼ ਠੇਕਾ ਖੋਲਿਆ ਹੋਇਆ ਹੈ ਤੇ ਮੌਕੇ 'ਤੇ ਜਾ ਕੇ ਸੁਰਿੰਦਰ ਸ਼ਰਮਾ ਵਾਸੀ ਮੁਆਣਾ ਜ਼ਿਲ੍ਹਾ ਜੀਂਦ ਨੂੰ ਕਾਬੂ ਕਰਕੇ 622 ਪੇਟੀਆਂ (7464 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਗੋਬਿੰਦਗੜ੍ਹ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਜੀਵਨ ਕੁਮਾਰ ਵਾਸੀ ਖੰਨਾ ਅਤੇ ਸਤਨਾਮ ਸਿੰਘ ਵਾਸੀ ਗੋਬਿੰਦਗੜ੍ਹ ਪਾਸੋਂ 322 ਪੇਟੀਆਂ, (3864 ਬੋਤਲਾਂ ਨਜਾਇਜ਼ ਸ਼ਰਾਬ) ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਗੋਬਿੰਦਗੜ੍ਹ ਪੁਲਿਸ ਨੇ ਨਾਕੇਬੰਦੀ ਦੌਰਾਨ ਬਲਜੀਤ ਸਿੰਘ ਵਾਸੀ ਬਾਜੜਾ ਕਲੌਨੀ ਰਾਹੋਂ ਰੋਡ ਲੁਧਿਆਣਾ ਪਾਸੋਂ 18 ਪੇਟੀਆਂ (216 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਥਾਣਾ ਅਮਲੋਹ ਦੀ ਪੁਲਸ ਨੇ ਗਸ਼ਤ ਦੌਰਾਨ ਮੇਜਰ ਸਿੰਘ ਵਾਸੀ ਟੌਹੜਾ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਥਾਣਾ ਸਰਹਿੰਦ ਦੀ ਪੁਲਸ ਪਾਰਟੀ ਨੇ ਗੁਰਮੀਤ ਸਿੰਘ ਉਰਫ ਮੀਤੂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਅਰਸ਼ਦੀਪ ਸਿੰਘ ਵਾਸੀ ਪਿੰਡ ਹਰਬੰਸਪੁਰਾ ਸਰਹਿੰਦ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਥਾਣਾ ਖੇੜੀ ਨੌਧ ਸਿੰਘ ਦੀ ਪੁਲਸ ਪਾਰਟੀ ਨੇ ਜਗਜੋਤ ਸਿੰਘ ਉਰਫ ਜੱਗਾ ਅਤੇ ਮਨਜੋਤ ਸਿੰਘ ਉਰਫ ਜੋਤ ਪਿੰਡ ਤਲਾਣੀਆਂ ਥਾਣਾ ਫ਼ਤਹਿਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ।

Read 192 times