:
You are here: Home

ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ: ਡਿਪਟੀ ਕਮਿਸ਼ਨਰ ਨੇ ਨਰਮੇ/ਕਪਾਹ ਦੇ ਚਿੱਟੀ ਮੱਖੀ ਤੋਂ ਅਗਾਊਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ

Written by  Published in ਫਿਰੋਜ਼ਪੁਰ/ਮੁਕਤਸਰ/ਫਾਜਿਲਕਾ Wednesday, 13 March 2019 05:20

ਫ਼ਾਜ਼ਿਲਕਾ, 12 ਮਾਰਚ ( ): ਅਪ੍ਰੈਲ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜੀ ਜਾਣ ਵਾਲੀ ਨਰਮੇ/ਕਪਾਹ ਦੀ ਫ਼ਸਲ ਦੇ ਅਗਾਊਂ ਬਚਾਅ ਲਈ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। ਜ਼ਿਲ੍ਹੇ ਵਿੱਚੋਂ ਚਿੱਟੀ ਮੱਖੀ ਦੇ ਖ਼ਾਤਮੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਖੇਤੀਬਾੜੀ ਵਿਭਾਗ ਸਣੇ ਜ਼ਿਲ੍ਹੇ ਦੇ ਵੱਖ-ਵੱਖ 13 ਵਿਭਾਗਾਂ ਦੇ ਅਧਿਕਾਰੀਆਂ ਨਾਲ ਉਚੇਚੀ ਮੀਟਿੰਗ ਕਰਕੇ ਨਰਮੇ/ਕਪਾਹ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਨਰਮੇ/ਕਪਾਹ ਦੀ ਫ਼ਸਲ ਦੀ ਯੋਜਨਾਬੰਦੀ ਅਤੇ ਤਿਆਰੀਆਂ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਨਰਮਾ ਪੱਟੀ ਦੇ ਇਲਾਕਿਆਂ ਵਿੱਚ ਚਿੱਟੀ ਮੱਖੀ ਦੀ ਪਨਾਹਗਾਹ ਬਣਨ ਵਾਲੇ ਨਦੀਨਾਂ ਜਿਵੇਂ ਪੁੱਠਕੰਡਾ, ਪੀਲੀ ਬੂਟੀ, ਗਾਜਰ ਘਾਹ, ਜੰਗਲੀ ਗੋਭੀ, ਲੇਹ ਅਤੇ ਗਾਜਰ ਬੂਟੀ ਆਦਿ ਨੂੰ ਮੁੱਢੋਂ ਨਸ਼ਟ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜੇ ਚਿੱਟੀ ਮੱਖੀ ਦੀ ਸਮੇਂ ਸਿਰ ਨਰਮੇ/ਕਪਾਹ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਰੋਕਥਾਮ ਨਾ ਕੀਤੀ ਗਈ ਤਾਂ ਆਉਣ ਵਾਲੀ ਫ਼ਸਲ 'ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਰਕੇ ਚਿੱਟੀ ਮੱਖੀ ਨੂੰ ਪਨਾਹ ਦੇਣ ਵਾਲੇ ਨਦੀਨਾਂ ਨੂੰ ਪੂਰੇ ਜ਼ਿਲ੍ਹੇ ਵਿੱਚੋਂ ਜੰਗੀ ਪੱਧਰ 'ਤੇ ਨਸ਼ਟ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ 4 ਬਲਾਕ ਖੇਤੀਬਾੜੀ ਅਫ਼ਸਰ ਬਤੌਰ ਨੋਡਲ ਅਫ਼ਸਰ ਅਤੇ 25 ਸਹਾਇਕ ਨੋਡਲ ਅਫ਼ਸਰ, ਜਿਨ੍ਹਾਂ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਤੇ ਖੇਤੀਬਾੜੀ ਉਪ ਨਿਰੀਖਕ ਸ਼ਾਮਲ ਹੋਣਗੇ, ਜਿਥੇ ਜ਼ਿਲ੍ਹੇ ਵਿੱਚ ਇਸ ਨਦੀਨ ਨਸ਼ਟ ਕਰੂ ਮੁਹਿੰਮ ਦੀ ਨਿਗਰਾਨੀ ਕਰਨਗੇ, ਉਥੇ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਾ ਕੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਦੇ ਨੁਕਤੇ ਦੱਸਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤੀਬਾੜੀ, ਸਿੰਜਾਈ, ਸਹਿਕਾਰੀ ਸਭਾਵਾਂ, ਕ੍ਰਿਸ਼ੀ ਵਿਗਿਆਨ ਕੇਂਦਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ, ਵਣ, ਮੰਡੀ ਬੋਰਡ, ਲੋਕ ਨਿਰਮਾਣ, ਡਰੇਨੇਜ, ਪਬਲਿਕ ਹੈਲਥ ਅਤੇ ਬਾਗ਼ਬਾਨੀ ਵਿਭਾਗ ਦੇ ਮੁਲਾਜ਼ਮ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਥਾਵਾਂ ਦੇ ਆਲੇ-ਦੁਆਲੇ ਇਨ੍ਹਾਂ ਨਦੀਨਾਂ ਨੂੰ ਨਸ਼ਟ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਸਮੂਹ ਐਸ.ਡੀ.ਐਮ. ਨੂੰ ਪਾਬੰਦ ਕੀਤਾ ਕਿ ਉਹ ਆਪਣੇ ਖੇਤਰ ਅਧੀਨ ਨਦੀਨਾਂ ਦੀ ਕੀਤੀ ਗਈ ਸਫ਼ਾਈ ਦੀ ਅਚਨਚੇਤ ਚੈਕਿੰਗ ਵੀ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਸ. ਛਤਵਾਲ ਨੇ ਲੋਕ ਨਿਰਮਾਣ, ਸਿੰਜਾਈ, ਡਰੇਨੇਜ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਉਚੇਚੇ ਤੌਰ 'ਤੇ ਹਦਾਇਤ ਕੀਤੀ ਕਿ ਸੜਕਾਂ ਤੇ ਬਰਮਾਂ, ਨਹਿਰਾਂ, ਕੱਸੀਆਂ, ਰਜਵਾਹਿਆਂ ਅਤੇ ਖਾਲਿਆਂ ਅਤੇ ਜੰਗਲਾਤ ਅਧੀਨ ਰਕਬੇ ਵਿੱਚੋਂ ਮੁਕੰਮਲ ਤੌਰ 'ਤੇ ਪੁੱਠਕੰਡਾ, ਪੀਲੀ ਬੂਟੀ, ਗਾਜਰ ਘਾਹ, ਜੰਗਲੀ ਗੋਭੀ, ਲੇਹ ਅਤੇ ਗਾਜਰ ਬੂਟੀ ਆਦਿ ਨਦੀਨਾਂ ਨੂੰ ਨਸ਼ਟ ਕੀਤਾ ਜਾਵੇ। ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਨਰੇਗਾ ਤਹਿਤ ਸਰਪੰਚਾਂ/ਪੰਚਾਂ ਰਾਹੀਂ ਸ਼ਾਮਲਾਤਾਂ ਤੇ ਸਰਕਾਰੀ ਥਾਵਾਂ, ਜ਼ਿਲ੍ਹਾ ਮੰਡੀ ਅਫ਼ਸਰ ਨੂੰ ਫ਼ੋਕਲ ਪੁਆਇੰਟਾਂ ਦੀਆਂ ਥਾਵਾਂ, ਮੰਡੀ ਬੋਰਡ ਨੂੰ ਅਨਾਜ ਮੰਡੀਆਂ, ਬਾਗ਼ਬਾਨੀ ਵਿਭਾਗ ਨੂੰ ਨਰਸਰੀਆਂ ਅਤੇ ਜਨ ਸਿਹਤ ਵਿਭਾਗ ਨੂੰ ਵਾਟਰ ਵਰਕਸਾਂ ਦੀਆਂ ਥਾਵਾਂ ਨੇੜਿਉਂ ਨਦੀਨਾਂ ਦੀ ਸਫ਼ਾਈ ਕਰਨ ਦੀ ਹਦਾਇਤ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਸਬੰਧੀ ਕੀਤੇ ਉਪਰਾਲਿਆਂ ਦੀ ਪਿੰਡਵਾਰ ਹਫ਼ਤਾਵਾਰੀ ਕਾਰਗੁਜ਼ਾਰੀ ਰਿਪੋਰਟ ਭੇਜਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸਾਉਣੀ ਦੀ ਇਸ ਫ਼ਸਲ ਨੂੰ ਕੀੜੇ-ਮਕੌੜਿਆਂ ਅਤੇ ਨਦੀਨਾਂ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਵਿਚ ਕਿਸੇ ਵੀ ਵਿਭਾਗ ਦੇ ਕਰਮਚਾਰੀ ਜਾਂ ਅਧਿਕਾਰੀ ਦੀ ਡਿਊਟੀ ਲਗਾਈ ਜਾਂਦੀ ਹੈ, ਉਸ ਖੇਤਰ ਵਿਚੋਂ ਚਿੱਟੀ ਮੱਖੀ ਨੂੰ ਪਨਾਹ ਦੇਣ ਵਾਲੇ ਨਦੀਨਾਂ ਨੂੰ ਨਸ਼ਟ ਕਰਾਉਣ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਤੇ ਮੁਲਾਜ਼ਮ ਦੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਪਿੰਡ ਜਾਂ ਖੇਤਰ 'ਚ ਇਨ੍ਹਾਂ ਨਦੀਨਾਂ ਨੂੰ ਖੜਾ ਵੇਖਣ ਤਾਂ ਸਬੰਧਤ ਖੇਤੀਬਾੜੀ ਉਪ-ਨਿਰੀਖਕ, ਸਕੱਤਰ ਸਹਿਕਾਰੀ ਸਭਾਵਾਂ ਜਾਂ ਪੰਚਾਇਤ ਸਕੱਤਰ ਦੇ ਤੁਰੰਤ ਧਿਆਨ ਵਿਚ ਲਿਆਉਣ। ਮੀਟਿੰਗ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ (ਇਨਫ਼ੋਰਸਮੈਂਟ) ਸ. ਜਗਸੀਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਪਿਛਲੇ ਵਰ੍ਹੇ ਦੇ 70240 ਹੈਕਟੇਅਰ ਦੇ ਮੁਕਾਬਲੇ ਇਸ ਵਰ੍ਹੇ ਜ਼ਿਲ੍ਹੇ ਵਿੱਚ ਕਰੀਬ 80,000 ਹੈਕਟੇਅਰ ਰਕਬੇ ਵਿੱਚ ਨਰਮੇ/ਕਪਾਹ ਦੀ ਫ਼ਸਲ ਬੀਜੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਨਰਮੇ ਦੀ ਫ਼ਸਲ ਦੇ ਚਿੱਟੀ ਮੱਖੀ ਤੋਂ ਕੀਤੇ ਗਏ ਅਗਾਊਂ ਬਚਾਅ ਦਾ ਹੀ ਨਤੀਜਾ ਹੈ ਕਿ ਇਸ ਵਾਰ ਜ਼ਿਲ੍ਹੇ ਵਿੱਚ ਵੱਧ ਨਰਮਾ ਬੀਜਣ ਦਾ ਟੀਚਾ ਰੱਖਿਆ ਗਿਆ ਹੈ।

Read 171 times