:
You are here: Home

ਦਾਜ ਖਾਤਰ ਪਤਨੀ ਨੂੰ ਬੱਚੀ ਸਮੇਤ ਘਰੋਂ ਕੱਢਿਆ

Written by  Published in ਕਪੂਰਥਲਾ-ਤਰਣਤਾਰਨ Wednesday, 23 May 2018 08:46

ਕਪੂਰਥਲਾ (ਪਿ੍ੰਸ ਸ਼ਰਮਾ)— ਇਕ ਔਰਤ ਨੂੰ ਬੱਚੀ ਸਮੇਤ ਉਸ ਦੀ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਮਾਮਲੇ 'ਚ ਥਾਣਾ ਸਿਟੀ (ਕਪੂਰਥਲਾ) ਦੀ ਪੁਲਸ ਨੇ ਮੁਲਜ਼ਮ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਵਿਆਹੁਤਾ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ 5 ਸਾਲ ਪਹਿਲਾਂ ਪਵਨ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਨਿਊ ਕ੍ਰਿਸ਼ਨ ਨਗਰ ਬਸਤੀ ਬਾਵਾ ਖੇਲ (ਜਲੰਧਰ) ਦੇ ਨਾਲ ਵਿਆਹ ਹੋਇਆ ਸੀ। ਵਿਆਹ ਦੌਰਾਨ ਉਸ ਦੇ ਮਾਤਾ-ਪਿਤਾ ਨੇ ਬਾਰਾਤ ਦੀ ਸੇਵਾ ਕਰਨ ਦੇ ਨਾਲ-ਨਾਲ ਮਹਿੰਗਾ ਸਾਮਾਨ ਅਤੇ ਸੋਨੇ ਦੇ ਗਹਿਣੇ ਵੀ ਦਿੱਤੇ ਸਨ। ਇਸ ਦੇ ਬਾਅਦ ਵੀ ਉਸ ਦੇ ਪਤੀ ਨੇ ਉਸ ਨੂੰ ਸ਼ਰਾਬ ਪੀ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਲਗਾਤਾਰ ਹੋਰ ਦਾਜ ਲਿਆਉਣ ਲਈ ਕਹਿੰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਆਪਣੀ ਧੀ ਦਾ ਘਰ ਵਸਾਉਣ ਦੇ ਮਕਸਦ ਨਾਲ ਉਸ ਦੇ ਮਾਤਾ-ਪਿਤਾ ਨੇ 10-12 ਵਾਰ ਪੰਚਾਇਤ ਨੂੰ ਨਾਲ ਲੈ ਕੇ ਉਸ ਦੇ ਪਤੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਉਸ ਦਾ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ। ਇਸ ਦੌਰਾਨ ਉਹ ਗਰਭਵਤੀ ਹੋ ਗਈ ਜਿਸ ਦੌਰਾਨ ਉਸ ਦੇ ਪਤੀ ਨੇ ਉਸ 'ਤੇ ਲੜਕਾ ਪੈਦਾ ਕਰਨ ਦਾ ਦਬਾਅ ਪਾਇਆ ਪਰ ਹੈਂਡੀਕੈਪਡ ਬੱਚੀ ਨੇ ਜਨਮ ਲਿਆ, ਜਿਸ ਦੇ ਬਾਅਦ ਉਸ ਦੇ ਪਤੀ ਨੇ ਉਸ ਨੂੰ ਹੋਰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 8-9 ਮਹੀਨੇ ਪਹਿਲਾਂ ਉਸ ਦੇ ਪਤੀ ਨੇ ਉਸ ਦੀ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਆਪਣੇ ਪੇਕੇ ਪਰਿਵਾਰ ਤੋਂ ਹੋਰ ਦਾਜ ਲਿਆਉਣ ਦਾ ਦਬਾਅ ਪਾਇਆ, ਜਦੋਂ ਉਸ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਬੱਚੀ ਸਮੇਤ ਘਰੋਂ ਕੱਢ ਦਿੱਤਾ ਗਿਆ। ਉਸ ਦੇ ਪਤੀ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦੀ, ਉਦੋਂ ਤੋਂ ਉਹ ਆਪਣੇ ਪੇਕੇ ਘਰ 'ਚ ਰਹਿ ਰਹੀ ਹੈ। ਇਸ ਦੌਰਾਨ ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੂਮੈਨ ਸੈੱਲ (ਕਪੂਰਥਲਾ) ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਪਤੀ ਪਵਨ ਕੁਮਾਰ 'ਤੇ ਲੱਗੇ ਇਲਜ਼ਾਮ ਸਹੀ ਪਾਏ ਗਏ ਜਿਸ ਦੇ ਆਧਾਰ 'ਤੇ ਫੈਮਲੀ ਵੈੱਲਫੇਅਰ ਕਮੇਟੀ ਦੀ ਸਲਾਹ ਲੈਣ ਦੇ ਬਾਅਦ ਥਾਣਾ ਸਿਟੀ ਕਪੂਰਥਲਾ 'ਚ ਪਵਨ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

Read 2269 times