:
You are here: Home

ਪੁਲਸ ਦੀ ਵਰਦੀ 'ਤੇ ਲੱਗਾ ਇਕ ਹੋਰ ਦਾਗ

Written by  Published in ਬਠਿੰਡਾ-ਮਾਨਸਾ Thursday, 10 May 2018 05:03

ਜਬਰ-ਜ਼ਨਾਹ ਦੇ ਦੋਸ਼ੀ ਨੂੰ ਪੇਸ਼ੀ ਦੇ ਬਾਅਦ ਜੇਲ ਲਿਜਾਣ ਦੀ ਬਜਾਏ ਹੋਟਲ 'ਚ ਕੀਤੀ ਖਾਤਿਰਦਾਰੀ ਬਠਿੰਡਾ—ਪੁਲਸ ਦੇ ਦਾਮਨ 'ਤੇ ਇਕ ਹੋਰ ਦਾਗ ਉਸ ਸਮੇਂ ਲੱਗ ਗਿਆ, ਜਦ ਨਾਬਾਲਗਾ ਦੇ ਨਾਲ ਹੋਏ ਜਬਰ-ਜ਼ਨਾਹ ਦੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ ਪੁਲਸ ਨੇ ਅਦਾਲਤ ਦੇ ਸਾਹਮਣੇ ਸਥਿਤ ਇਕ ਹੋਟਲ ਵਿਚ ਜਾ ਕੇ ਦੋਸ਼ੀ ਦੇ ਨਾਲ ਮੌਜ ਮਸਤੀ ਕੀਤੀ। 3 ਮਈ ਨੂੰ ਹੋਏ ਨਾਬਾਲਗਾ ਦੇ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ 5 ਮਈ ਨੂੰ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਅਦਾਲਤ ਤੋਂ ਉਨ੍ਹਾਂ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਵੀ ਹਾਸਲ ਕੀਤਾ ਸੀ। ਫਰਾਰ ਹੋਏ ਤੀਜੇ ਦੋਸ਼ੀ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਕੇ ਰਿਮਾਂਡ ਦੇ ਲਈ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਸਾਰਿਆਂ ਦਾ ਰਿਮਾਂਡ ਇਕ ਦਿਨ ਹੋਰ ਵਧਾ ਦਿੱਤਾ। ਅਦਾਲਤ ਵਿਚ ਪੇਸ਼ੀ ਦੇ ਬਾਅਦ ਪੁਲਸ ਟੀਮ ਦੋਸ਼ੀ ਨੂੰ ਇਕ ਹੋਟਲ ਵਿਚ ਲੈ ਗਈ। ਜਿਥੇ ਉਸ ਨਾਲ ਖੂਬ ਮਸਤੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਪੁਲਸ ਨੇ ਫੋਟੋ ਖਿੱਚਣ ਤੋਂ ਮਨ੍ਹਾ ਕੀਤਾ ਪਰ ਕੈਮਰਾਮੈਨ ਨੇ ਫਿਰ ਵੀ ਉਨ੍ਹਾਂ ਨੂੰ ਕੈਮਰੇ ਵਿਚ ਕੈਦ ਕਰ ਲਿਆ। ਘਬਰਾਈ ਹੋਈ ਪੁਲਸ ਟੀਮ ਤੁਰੰਤ ਦੋਸ਼ੀ ਨੂੰ ਲੈ ਕੇ ਉਥੋਂ ਚਲੀ ਗਈ। ਇਸ ਮਾਮਲੇ ਵਿਚ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਜ਼ਿਕਰਯੋਗ ਹੈ ਕਿ ਅਦਾਲਤ ਵਿਚ ਪੇਸ਼ੀ ਦੇ ਬਾਅਦ ਦੋਸ਼ੀ ਨੂੰ ਸਿੱਧਾ ਜੇਲ ਲਿਜਾਣਾ ਹੁੰਦਾ ਹੈ ਜਾਂ ਰਿਮਾਂਡ ਦੇ ਬਾਅਦ ਹਵਾਲਾਤ ਵਿਚ ਬੰਦ ਕਰਨਾ ਹੁੰਦਾ ਹੈ ਪਰ ਇਥੇ ਤਾਂ ਹੋਟਲ ਵਿਚ ਖਾਤਿਰਦਾਰੀ ਹੁੰਦੀ ਰਹੀ।

Read 2642 times