:
You are here: Home

ਪੁਲਸ ਮੁਲਾਜ਼ਮ ਸਮੇਤ ਅੱਧਾ ਦਰਜਨ ਜ਼ਖਮੀ,2 ਧਿਰਾਂ 'ਚ ਖੂਨੀ ਟਕਰਾਅ

Written by  Published in ਬਠਿੰਡਾ-ਮਾਨਸਾ Thursday, 10 May 2018 05:00

ਬਠਿੰਡਾ-ਪਿਛਲੀ ਦੇਰ ਰਾਤ ਮੈਹਣਾ ਚੌਕ ਨੇੜੇ ਕਾਲੀ ਮਾਤਾ ਮੰਦਰ ਵਾਲੀ ਗਲੀ ਵਿਚ 2 ਧਿਰਾਂ 'ਚ ਇਕ ਮਕਾਨ ਦੀ ਦੀਵਾਰ ਦੇ ਝਗੜੇ ਨੂੰ ਲੈ ਕੇ ਖੂਨੀ ਟਕਰਾਅ ਹੋ ਗਿਆ, ਜਿਸ 'ਚ ਇਕ ਪੁਲਸ ਮੁਲਾਜ਼ਮ ਅਤੇ ਇਕ ਔਰਤ ਸਮੇਤ ਅੱਧਾ ਦਰਜਨ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਮੌਕੇ 'ਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਪੁਲਸ ਮੁਲਾਜ਼ਮ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਦਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ 'ਚ ਦਾਖਲ ਗੌਰਵ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਇਕ ਪੁਲਸ ਮੁਲਾਜ਼ਮ ਪਰਮਜੀਤ ਸਿੰਘ ਦੇ ਪਿਤਾ ਦਾ ਘਰ ਹੈ। ਉਕਤ ਮਕਾਨ ਉਨ੍ਹਾਂ ਨੇ ਇਕ ਸਾਲ ਪਹਿਲਾਂ ਹੀ ਖਰੀਦਿਆ ਹੈ। ਇਸ ਤੋਂ ਪਹਿਲਾਂ ਉਕਤ ਮਕਾਨ ਨੂੰ ਪੁਲਸ ਮੁਲਾਜ਼ਮ ਪਰਮਜੀਤ ਸਿੰਘ ਖਰੀਦਣਾ ਚਾਹੁੰਦਾ ਸੀ। ਇਸ ਕਾਰਨ ਪਰਮਜੀਤ ਸਿੰਘ ਉਨ੍ਹਾਂ ਦੇ ਨਾਲ ਰੰਜਿਸ਼ ਰੱਖਣ ਲੱਗਾ। ਅਕਸਰ ਪਰਮਜੀਤ ਸਿੰਘ ਉਥੇ ਆ ਕੇ ਧਮਕਾਉਂਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਇਕ ਦੀਵਾਰ ਨੂੰ ਲੈ ਕੇ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਸੀ। ਪਿਛਲੀ ਰਾਤ ਪਰਮਜੀਤ ਸਿੰਘ ਹੱਥ ਵਿਚ ਹਾਕੀ ਲੈ ਕੇ ਜ਼ਬਰਦਸਤੀ ਉਨ੍ਹਾਂ ਦੇ ਘਰ ਵਿਚ ਆਇਆ ਅਤੇ ਉਸਦੀ ਮਾਤਾ ਸ਼ਸੀਬਾਲਾ ਨਾਲ ਦੁਰ-ਵਿਵਹਾਰ ਕੀਤਾ। ਵਿਰੋਧ ਕਰਨ 'ਤੇ ਉਸਨੇ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਜਦ ਉਸਦੇ ਪਿਤਾ ਈਸ਼ਵਰ ਦਿਆਲ, ਭਾਈ ਸਚਿਨ ਬਾਂਸਲ ਆਦਿ ਮੌਕੇ 'ਤੇ ਪਹੁੰਚੇ ਤਾਂ ਪਰਮਜੀਤ ਸਿੰਘ ਨੇ ਆਪਣੇ 4-5 ਹੋਰ ਸਾਥੀਆਂ ਨੂੰ ਬੁਲਾ ਲਿਆ। ਇਸ ਦੌਰਾਨ ਹੀ ਦੋਵਾਂ ਧਿਰਾਂ 'ਚ ਝੜਪ ਹੋ ਗਈ ਅਤੇ ਲਾਠੀਆਂ ਆਦਿ ਚੱਲੀਆਂ। ਇਸ ਝੜਪ 'ਚ ਈਸ਼ਵਰ ਦਿਆਲ, ਸ਼ਸ਼ੀਬਾਲਾ, ਸਚਿਨ ਬਾਂਸਲ, ਗੌਰਵ ਬਾਂਸਲ ਅਤੇ ਉਨ੍ਹਾਂ ਨੂੰ ਰੋਕਣ ਲਈ ਪਹੁੰਚਿਆ ਨਿਤਿਨ ਗੋਇਲ ਜ਼ਖਮੀ ਹੋ ਗਿਆ ਜਦਕਿ ਦੂਸਰੀ ਧਿਰ ਦੇ ਪੁਲਸ ਮੁਲਾਜ਼ਮ ਪਰਮਜੀਤ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਧਰ, ਪੁਲਸ ਮੁਲਾਜ਼ਮ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਉਕਤ ਲੋਕਾਂ ਨੇ ਬਿਨਾਂ ਕਿਸੇ ਗੱਲ ਦੇ ਪਰਮਜੀਤ ਸਿੰਘ 'ਤੇ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਸ ਇਸ ਮਾਮਲੇ ਦੀ ਪੜਤਾਲ ਅਤੇ ਅਗਲੀ ਕਾਰਵਾਈ ਕਰ ਰਹੀ ਹੈ।

Read 2629 times